ਐਂਟਰਟੇਨਮੈਂਟ ਡੈਸਕ - ਜੇਕਰ ਤੁਸੀਂ ਹਲਕੀ-ਫੁਲਕੀ ਕਾਮੇਡੀ ਤੇ ਅਜਿਹੀ ਕਹਾਣੀ ਦੇਖਣਾ ਚਾਹੁੰਦੇ ਹੋ, ਜੋ ਬਿਨਾਂ ਕਿਸੇ ਭਾਰੀ ਡਰਾਮੇ ਦੇ ਤੁਹਾਡਾ ਮਨੋਰੰਜਨ ਕਰੇ ਤਾਂ ਨੈੱਟਫਲਿਕਸ ਦੀ ਨਵੀਂ ਸੀਰੀਜ਼ ‘ਚੁੰਬਕ’ ਤੁਹਾਡੇ ਲਈ ਇਕ ਚੰਗਾ ਬਦਲ ਹੋ ਸਕਦੀ ਹੈ। 10 ਸਤੰਬਰ ਨੂੰ ਸਟ੍ਰੀਮ ਹੋਈ ਇਹ ਸੀਰੀਜ਼ ਚੁੰਬਕ ਕਾਲੋਨੀ ’ਚ ਰਹਿਣ ਵਾਲੇ 5 ਗੁਆਂਢੀ ਪਰਿਵਾਰਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਤੇ ਉਨ੍ਹਾਂ ਵਿਚਾਲੇ ਹੋਣ ਵਾਲੀ ਮਜ਼ੇਦਾਰ ਉੱਥਲ-ਪੁੱਥਲ ਨੂੰ ਦਿਖਾਉਂਦੀ ਹੈ। ਨੀਨਾ ਗੁਪਤਾ, ਦੇਵੇਨ ਭੋਜਾਨੀ, ਮਾਨਸੀ ਪਾਰੇਖ, ਸੁਮਿਤ ਵਿਆਸ, ਸੁਮਿਤ ਰਾਘਵਨ, ਸੰਦੀਪਾ ਧਰ, ਅਰਜੁਨ ਬਿਜਲਾਨੀ, ਹੈਲੀ ਸ਼ਾਹ, ਅਮਾਇਰਾ ਦਸਤੂਰ, ਆਨੰਦ ਜੋਸ਼ੀ ਅਤੇ ਅਤੁਲ ਕੁਮਾਰ ਵਰਗੇ ਕਲਾਕਾਰਾਂ ਨਾਲ ਸਜੀ ਇਸ ਸੀਰੀਜ਼ ’ਚ ਕੁੱਲ 16 ਐਪੀਸੋਡ ਹਨ, ਜਿਨ੍ਹਾਂ ’ਚੋਂ 8 ਐਪੀਸੋਡ ਫਿਲਹਾਲ ਰਿਲੀਜ਼ ਹੋ ਚੁੱਕੇ ਹਨ। ਸੀਰੀਜ਼ ਬਾਰੇ ਸੰਦੀਪਾ ਧਰ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q ਕੀ ਤੁਸੀਂ ਕਦੇ ਬਚਪਨ ’ਚ ਸੱਚਮੁਚ ਸੋਚਿਆ ਸੀ ਕਿ ਮੈਂ ਵੱਡੀ ਹੋ ਕੇ ਏਅਰ ਹੋਸਟੈੱਸ ਬਣਾਂਗੀ?
– ਨਹੀਂ, ਮੇਰਾ ਕਦੇ ਕੋਈ ਅਜਿਹਾ ਸੁਪਨਾ ਨਹੀਂ ਸੀ। ਮੈਂ ਇਕ ਕਸ਼ਮੀਰੀ ਪੰਡਤ ਪਰਿਵਾਰ ਤੋਂ ਆਉਂਦੀ ਹਾਂ ਤਾਂ ਅਸੀਂ ਜਾਂ ਤਾਂ ਡਾਕਟਰ ਬਣਦੇ ਹਾਂ ਜਾਂ ਇੰਜੀਨੀਅਰ। ਸਾਡੇ ਕੋਲ ਸਿਰਫ਼ ਇਹ ਹੀ ਦੋ ਬਦਲ ਹੁੰਦੇ ਹਨ। ਇਸ ਤੋਂ ਇਲਾਵਾ ਤਾਂ ਸਾਨੂੰ ਕਿਸੇ ਹੋਰ ਚੀਜ਼ ਲਈ ਉਤਸ਼ਾਹਿਤ ਵੀ ਨਹੀਂ ਕੀਤਾ ਜਾਂਦਾ ਹੈ। ਹਾਂ, ਹੁਣ ਜ਼ਰੂਰ ਬਣ ਗਈ ਹਾਂ। ਇਸ ਸੀਰੀਜ਼ ਦੇ ਕਿਰਦਾਰ ਨੇ ਮੈਨੂੰ ਏਅਰ ਹੋਸਟੈੱਸ ਬਣਾ ਦਿੱਤਾ।
Q ਇਸ ਸੀਰੀਜ਼ ਲਈ ਤੁਸੀਂ ਹਾਂ ਕੀਤੀ, ਇਸ ਦੀ ਕੋਈ ਖ਼ਾਸ ਵਜ੍ਹਾ?
– ਇਸ ਸੀਰੀਜ਼ ਲਈ ਹਾਂ ਕਰਨ ਦੀਆਂ ਮੁੱਖ 2 ਵਜ੍ਹਾ ਰਹੀਆਂ ਹਨ—ਇਕ ਤਾਂ ਸਕ੍ਰਿਪਟ ਅਤੇ ਦੂਜੀ ਇਸ ਦੇ ਨਿਰਦੇਸ਼ਕ ਅਤੇ ਲੇਖਕ ਆਤਿਸ਼ ਕਪਾੜੀਆ, ਜਿਨ੍ਹਾਂ ਨੇ ‘ਖਿਚੜੀ’ ਅਤੇ ‘ਸਾਰਾਭਾਈ ਵਰਸਿਜ਼ ਸਾਰਾਭਾਈ’ ਬਣਾਈਆਂ ਹਨ। ਜਿਸ ਤਰ੍ਹਾਂ ਨਾਲ ਮੈਨੂੰ ਨਰੇਸ਼ਨ ਮਿਲੀ ਸੀ ਤਾਂ ਬਸ ਮੈਨੂੰ ਲੱਗਾ ਕਿ ਇਨ੍ਹਾਂ ਨਾਲ ਤਾਂ ਮੈਂ ਕੰਮ ਕਰਨਾ ਹੀ ਹੈ। ਜਦੋਂ ਉਹ ਨਰੇਟ ਕਰਦੇ ਹਨ ਤਾਂ ਉਹ ਸਾਰੇ ਐਕਟਰ ਪਲੇਅ ਆਊਟ ਕਰਦੇ ਹਨ ਜੋ ਕਿਸੇ ਵੀ ਪ੍ਰਾਜੈਕਟ ਦਾ ਹਿੱਸਾ ਹਨ। ਸਕ੍ਰਿਪਟ ਇੰਨੀ ਫਨੀ ਸੀ ਕਿ ਬਹੁਤ ਮਜ਼ਾ ਆਇਆ ਤੇ ਮੈਨੂੰ ਇਹ ਸੀ ਕਿ ਬਸ ਇਸ ਨੂੰ ਮੈਂ ਪ੍ਰਫ਼ਾਰਮ ਕਰਾਂ।
Q ਇਹ ਸੀਰੀਜ਼ ਤੁਹਾਡਾ ਕਾਮੇਡੀ ਡੈਬਿਊ ਹੈ ਤਾਂ ਕੀ ਕਦੇ ਸੋਚਿਆ ਸੀ ਕਿ ਸਕ੍ਰੀਨ ’ਚ ਕਾਮੇਡੀ ਕਰਨੀ ਹੈ?
– ਮੈਨੂੰ ਕਾਮੇਡੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ, ਕਿਉਂਕਿ ਕਾਮੇਡੀ ਇਕ ਅਜਿਹਾ ਜ਼ਾਨਰ ਹੈ ਜੋ ਬਹੁਤ ਹੀ ਮੁਸ਼ਕਿਲ ਹੈ, ਕਿਸੇ ਨੂੰ ਹਸਾਉਣਾ ਆਸਾਨ ਕੰਮ ਨਹੀਂ ਹੈ। ਲੋਕ ਕਾਮੇਡੀ ਨੂੰ ਬਹੁਤ ਹਲਕੇ ’ਚ ਲੈ ਲੈਂਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿਸੇ ਨੂੰ ਹਸਾਉਣਾ ਹੀ ਤਾਂ ਹੈ, ਕਿਹੜੀ ਵੱਡੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਮੋਸ਼ਨਲ ਕਰਨਾ ਜਾਂ ਡਰਾਮਾ ਸੀਨ ਕਰਨਾ ਮੇਰੇ ਲਈ ਜ਼ਿਆਦਾ ਆਸਾਨ ਹੈ। ‘ਚੁੰਬਕ’ ਸਾਈਨ ਕਰਨ ਤੋਂ ਬਾਅਦ ਮੈਂ ਬਹੁਤ ਡਰੀ ਹੋਈ ਸੀ। ਮੈਂ ਅਸਲ ਜ਼ਿੰਦਗੀ ’ਚ ਵੀ ਫਨੀ ਇਨਸਾਨ ਨਹੀਂ ਹਾਂ। ਕਾਮੇਡੀ ਨੂੰ ਬਹੁਤ ਕੁਝ ਚਾਹੀਦਾ ਹੁੰਦਾ ਹੈ ਜੋ ਤੁਸੀਂ ਫਾਲੋ ਕਰੋ ਤੇ ਸਕ੍ਰੀਨ ’ਤੇ ਲਿਆ ਸਕੋ। ਜਦੋਂ ਮੈਨੂੰ ਪਤਾ ਲੱਗਾ ਕਿ ਇਸ ’ਚ ਨੀਨਾ ਜੀ ਹਨ ਤੇ ਸੁਮਿਤ ਰਾਘਵਨ ਹਨ, ਵਿਆਸ... ਇਹ ਸਭ ਕਾਮੇਡੀ ਦੇ ਲੇਜੈਂਡ ਰਹੇ ਹਨ ਤਾਂ ਮੈਂ ਕਾਮੇਡੀ ਦੇ ਇਸ ਸਟੈਂਡਰਡ ਨਾਲ ਕੰਮ ਕਰਨ ਨੂੰ ਲੈ ਕੇ ਥੋੜ੍ਹਾ ਨਰਵਸ ਸੀ। ਪਰ ਆਤਿਸ਼ ਨੇ ਜਿਸ ਤਰੀਕੇ ਨਾਲ ਕੰਮ ਕਰਵਾਇਆ ਹੈ ਉਹ ਬਹੁਤ ਚੰਗਾ ਤਰੀਕਾ ਸੀ, ਜਿਸ ਨਾਲ ਮੈਂ ਕਾਮੇਡੀ ਨੂੰ ਬਹੁਤ ਇੰਜੁਆਏ ਕੀਤਾ।
Q ਇਸ ਸੀਰੀਜ਼ ਲਈ ਤੁਹਾਡਾ ਕਾਸਟਿੰਗ ਪ੍ਰੋਸੈੱਸ ਕੀ ਸੀ?
– ਜੋਗੀ ਜੀ ਇਸ ਸੀਰੀਜ਼ ਦੇ ਕਾਸਟਿੰਗ ਡਾਇਰੈਕਟਰ ਸਨ ਅਤੇ ਉਹ ਬਹੁਤ ਹੀ ਕਮਾਲ ਦੇ ਕਾਸਟਿੰਗ ਡਾਇਰੈਕਟਰ ਹਨ। ਮੈਨੂੰ ਉਨ੍ਹਾਂ ਦੇ ਆਫ਼ਿਸ ਤੋਂ ਕਾਲ ਆਇਆ ਤੇ ਉਨ੍ਹਾਂ ਨੇ ਬਸ ਇਹ ਕਿਹਾ ਸੀ ਕਿ ਨੈੱਟਫਲਿਕਸ ਦਾ ਕਾਮੇਡੀ ਸ਼ੋਅ ਹੈ, ਅਸੀਂ ਇਸ ਲਈ ਤੁਹਾਡਾ ਟੈਸਟ ਲੈਣਾ ਚਾਹੁੰਦੇ ਹਾਂ ਤੇ ਉਨ੍ਹਾਂ ਨੇ ਮੈਨੂੰ 2-3 ਸੀਨ ਭੇਜੇ ਸਨ। ਜਦੋਂ ਮੈਨੂੰ ਇਹ ਆਡੀਸ਼ਨ ਦਾ ਕਾਲ ਆਇਆ ਤਾਂ ਮੈਂ ਕੁਝ ਹੋਰ ਸ਼ੂਟ ਕਰ ਰਹੀ ਸੀ ਅਤੇ ਬਹੁਤ ਹੀ ਵੱਖਰੇ ਜ਼ੋਨ ’ਚ ਸੀ। ਕਾਮੇਡੀ ਲਈ ਬਹੁਤ ਹੀ ਵੱਖਰੇ ਜ਼ੋਨ ’ਚ ਹੋਣਾ ਪੈਂਦਾ ਹੈ। ਫਿਰ ਮੈਂ ਆਫ਼ਿਸ ਗਈ ਤੇ ਮੈਂ ਸੀਨ ਕੀਤੇ। ਮੈਂ ਬਸ ਕਰ ਦਿੱਤੇ, ਇਹ ਵੀ ਨਹੀਂ ਪਤਾ ਉਹ ਕਿਵੇਂ ਹੋਏ ਤੇ ਉਸ ਤੋਂ ਬਾਅਦ ਮੈਨੂੰ ਉੱਥੋਂ ਕਾਲ ਆਇਆ ਤੇ ਮੈਂ ਇਸ ਸੀਰੀਜ਼ ਦਾ ਹਿੱਸਾ ਬਣ ਗਈ।
‘ਨੀਨਜ਼’ ਸਾਡੇ ਨਾਲ ਸੀਨੀਅਰ ਨਹੀਂ, ਦੋਸਤ ਬਣ ਕੇ ਰਹਿੰਦੇ ਸਨ
Q ਨੀਨਾ ਗੁਪਤਾ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ ਤੇ ਉਨ੍ਹਾਂ ਤੋਂ ਕੀ ਸਿੱਖਿਆ?
– ਅਸੀਂ ਉਨ੍ਹਾਂ ਨੂੰ ਨੀਨਾ ਨਹੀਂ ‘ਨੀਨਜ਼’ ਬੁਲਾਉਂਦੇ ਸੀ। ‘ਚੁੰਬਕ’ ’ਚ ਜੋ ਅਸੀਂ 5 ਕੁੜੀਆਂ ਹਾਂ, ਸਾਡਾ ਇਕ ਗਰੁੱਪ ਹੈ ਜਿਸ ਦਾ ਨਾਂ ਹੈ ‘ਚੁੰਬਕ ਗਰਲਜ਼’ ਅਤੇ ਅਸੀਂ ਉੱਥੇ ਸਾਰੀਆਂ ਦੋਸਤ ਹਾਂ, ਉੱਥੇ ਕੋਈ ਉਮਰ ਦਾ ਫ਼ਰਕ ਨਹੀਂ ਹੈ। ਉਹ ਵੀ ਸਾਡੇ ਨਾਲ ਸੀਨੀਅਰ ਐਕਟਰ ਬਣ ਕੇ ਨਹੀਂ ਰਹਿੰਦੀਆਂ ਸਨ। ਸਾਡੇ ਨਾਲ ਹੈਂਗ ਆਊਟ ਕਰਦੀਆਂ ਸਨ। ਸਾਡੇ ਨਾਲ ਉਹ ਹੋਰ ਜ਼ਿਆਦਾ ਯੰਗ ਫ਼ੀਲ ਕਰਦੀਆਂ ਸਨ। ਉਹ ਅਜਿਹੀਆਂ ਇਨਸਾਨ ਹਨ ਜੋ ਫ਼ੀਲ ਹੁੰਦਾ ਹੈ, ਕਹਿੰਦੀਆਂ ਹਨ; ਜੋ ਮਨ ਕਰਦਾ ਹੈ, ਕਰਦੀਆਂ ਹਨ। ਉਨ੍ਹਾਂ ਨੂੰ ਹਰ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਬਹੁਤ ਇਮਾਨਦਾਰੀ ਨਾਲ ਉਹੀ ਕਹਿੰਦੀਆਂ ਹਨ, ਜੋ ਫ਼ੀਲ ਕਰਦੀਆਂ ਹਨ ਅਤੇ ਬਿਲਕੁਲ ਅਨਫ਼ਿਲਟਰਡ। ਚੀਜ਼ਾਂ ਨੂੰ ਸ਼ੁਗਰਕੋਟ ਨਹੀਂ ਕਰਦੀਆਂ, ਉਨ੍ਹਾਂ ਦਾ ਕਮਿਊਨੀਕੇਟ ਕਰਨ ਦਾ ਜੋ ਤਰੀਕਾ ਹੈ, ਉਹ ਬਹੁਤ ਕਮਾਲ ਦਾ ਹੈ। ਤਾਂ ਉਹ ਕੁਝ ਕਹਿੰਦੀਆਂ ਵੀ ਹਨ ਤਾਂ ਤੁਹਾਨੂੰ ਬੁਰਾ ਨਹੀਂ ਲੱਗੇਗਾ। ਉਹ ਕਹਿੰਦੀਆਂ ਹਨ, ਜੇਕਰ ਤੁਹਾਨੂੰ ਕੁਝ ਪਸੰਦ ਹੈ ਤਾਂ ਕਰੋ ਅਤੇ ਆਪਣੇ ਰਸਤੇ ਖ਼ੁਦ ਬਣਾਓ।
ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ ਕਰ ਮੰਗੀ ਮਦਦ
NEXT STORY