ਮੁੰਬਈ (ਬਿਊਰੋ) : ਵਿਵੇਕ ਰਮਨ ਨਾਂ ਦੇ ਇੱਕ ਵਿਅਕਤੀ ਨੇ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਖ਼ਿਲਾਫ਼ ਮੁੰਬਈ ਦੇ ਬੀ. ਕੇ. ਸੀ. ਪੁਲਸ ਸਟੇਸ਼ਨ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਵਿਵੇਕ ਨੇ ਹਨੀ ਸਿੰਘ 'ਤੇ ਅਗਵਾ ਅਤੇ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਹੈ। ਇਹ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵੇਕ ਨੇ ਫੈਸਟੀਵਿਨਾ ਨਾਂ ਦਾ ਇਕ ਇਵੈਂਟ ਆਯੋਜਿਤ ਕੀਤਾ ਸੀ, ਜਿਸ 'ਚ ਹਨੀ ਸਿੰਘ ਪ੍ਰਫਾਰਮ ਕਰਨ ਵਾਲੇ ਸਨ। ਬਾਅਦ 'ਚ ਵਿਵੇਕ ਨੇ ਵਿੱਤੀ ਸਮੱਸਿਆਵਾਂ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ। ਵਿਵੇਕ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ।
ਹੋਟਲ 'ਚ ਬਣਾਇਆ ਬੰਦੀ ਤੇ ਕੀਤੀ ਕੁੱਟਮਾਰ
ਵਿਵੇਕ ਰਮਨ ਨੇ ਦੋਸ਼ ਲਾਇਆ ਹੈ ਕਿ ਹਨੀ ਸਿੰਘ ਅਤੇ ਉਸ ਦੇ ਬੰਦਿਆਂ ਨੇ ਉਸ ਨੂੰ ਮੁੰਬਈ ਦੇ ਇੱਕ ਹੋਟਲ 'ਚ ਬੰਦੀ ਬਣਾ ਕੇ ਰੱਖਿਆ, ਜਿੱਥੇ ਮੇਰੀ ਕੁੱਟਮਾਰ ਕੀਤੀ ਗਈ। ਵਿਵੇਕ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ 'ਤੇ ਹਨੀ ਸਿੰਘ ਦੀ ਪ੍ਰਤੀਕਿਰਿਆ ਆਉਣੀ ਬਾਕੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਲਾਈਵ ਕੰਸਰਟ 'ਚ ਹਨੀ ਸਿੰਘ ਨੇ ਕੀਤੇ ਅਸ਼ਲੀਲ ਇਸ਼ਾਰੇ
ਅਜੇ ਤਿੰਨ ਦਿਨ ਪਹਿਲਾਂ ਹੀ ਰਾਏਪੁਰ 'ਚ ਹਨੀ ਸਿੰਘ ਦਾ ਲਾਈਵ ਕੰਸਰਟ ਹੋਇਆ ਸੀ। ਉਥੇ ਉਸ ਨੇ ਸਟੇਜ ਤੋਂ ਇਤਰਾਜ਼ਯੋਗ ਸ਼ਬਦ ਬੋਲੇ ਅਤੇ ਮਾਈਕ ਲੋਕਾਂ ਵੱਲ ਮੋੜ ਕੇ ਉਨ੍ਹਾਂ ਨੂੰ ਅਸ਼ਲੀਲ ਸ਼ਬਦ ਬੋਲਣ ਲਈ ਵੀ ਕਿਹਾ। ਹਨੀ ਸਿੰਘ ਖੁਦ ਉਂਗਲਾਂ ਨਾਲ ਅਜਿਹੇ ਇਸ਼ਾਰੇ ਕਰਦੇ ਰਹੇ, ਜਿਨ੍ਹਾਂ ਨੂੰ ਸੰਕੇਤਕ ਭਾਸ਼ਾ 'ਚ ਗਾਲ੍ਹਾਂ ਦੇ ਰੂਪ 'ਚ ਦੇਖਿਆ ਜਾਂਦਾ ਹੈ।
ਹਨੀ ਸਿੰਘ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਉਕਤ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਲਿਖਿਆ,"ਸ਼ਿਕਾਇਤ ਅਤੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਮੇਰੀ ਕੰਪਨੀ ਜਾਂ ਸ਼ਿਕਾਇਤਕਰਤਾ ਵਿਚਕਾਰ ਕੋਈ ਸਬੰਧ ਜਾਂ ਕਰਾਰ ਨਹੀਂ ਹੈ ਜੋ ਮੀਡੀਆ ਸਵੇਰ ਤੋਂ ਦਿਖਾ ਰਿਹਾ ਹੈ। ਮੈਂ ਟ੍ਰਿਬੀਵੀਬ ਨਾਂ ਦੀ ਕੰਪਨੀ ਦੁਆਰਾ ਮੁੰਬਈ ਸ਼ੋਅ ਲਈ ਰੁੱਝਿਆ ਹੋਇਆ ਸੀ ਜੋ ਕਿ ਇਕ ਨਾਮੀ ਕੰਪਨੀ ਹੈ। ਮੈਂ ਉਸ ਸਮੇਂ ਤਕ ਆਪਣੀ ਪੇਸ਼ਕਾਰੀ ਦਿੱਤੀ, ਜਿਸ ਸਮੇਂ ਲਈ ਇਜਾਜ਼ਤ ਸੀ। ਬਾਕੀ ਸਾਰੇ ਦੋਸ਼ ਝੂਠੇ ਹਨ ਤੇ ਮੇਰਾ ਅਕਸਰ ਖ਼ਰਾਬ ਕਰਨ ਦੀ ਇਕ ਕੋਸ਼ਿਸ਼ ਹੈ। ਮੇਰੀ ਲੀਗਲ ਟੀਮ ਪਹਿਲਾਂ ਹੀ ਅਜਿਹੇ ਅਨਸਰਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ 'ਤੇ ਕੰਮ ਕਰ ਰਹੀ ਹੈ।"
ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ
ਹਨੀ ਸਿੰਘ ਦਾ ਵਿਵਾਦਾਂ ਨਾਲ ਹੈ ਗੂੜਾ ਰਿਸ਼ਤਾ
ਹਨੀ ਸਿੰਘ ਹਮੇਸ਼ਾ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਉਸ 'ਤੇ ਦੋਸ਼ ਲੱਗੇ ਹਨ ਕਿ ਉਹ ਆਪਣੇ ਗੀਤਾਂ 'ਚ ਅਸ਼ਲੀਲਤਾ ਨੂੰ ਵਧਾਵਾ ਦਿੰਦਾ ਹੈ। ਇਸ ਤੋਂ ਇਲਾਵਾ ਉਹ ਨਸ਼ੇ ਕਾਰਨ ਕੁਝ ਦਿਨਾਂ ਲਈ ਇੰਡਸਟਰੀ ਤੋਂ ਵੀ ਬਾਹਰ ਰਹੇ। ਉਨ੍ਹਾਂ ਦੀ ਸਾਬਕਾ ਪਤਨੀ ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। ਸ਼ਾਲਿਨੀ ਨੇ ਹਨੀ 'ਤੇ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਦੋਸ਼ ਲਗਾਇਆ ਹੈ। ਸ਼ਾਲਿਨੀ ਨੇ ਦੋਸ਼ ਲਗਾਇਆ ਸੀ ਕਿ ਅੰਤਰਰਾਸ਼ਟਰੀ ਦੌਰੇ 'ਤੇ ਜਾਣ ਦੇ ਬਹਾਨੇ ਹਨੀ ਸਿੰਘ ਦੂਜੀਆਂ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਉਂਦਾ ਹੈ। ਉਸ ਨੇ ਹਨੀ ਤੋਂ ਤਲਾਕ ਦੇ ਬਦਲੇ 10 ਕਰੋੜ ਰੁਪਏ ਮੰਗੇ ਸਨ।
ਟੀਨਾ ਥਡਾਨੀ ਨਾਲ ਵੀ ਹੋ ਗਿਆ ਬ੍ਰੇਕਅੱਪ
ਹਨੀ ਸਿੰਘ ਪਿਛਲੇ ਇਕ ਸਾਲ ਤੋਂ ਮਾਡਲ ਟੀਨਾ ਥਡਾਨੀ ਨੂੰ ਡੇਟ ਕਰ ਰਿਹਾ ਸੀ। ਹਾਲਾਂਕਿ ਹੁਣ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਬ੍ਰੇਕਅੱਪ ਤੋਂ ਬਾਅਦ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਅਤੇ ਸਾਰੀਆਂ ਇਕੱਠਿਆਂ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ। ਜਨਵਰੀ 2023 'ਚ ਹਨੀ ਸਿੰਘ ਨੇ ਇੱਕ ਜਨਤਕ ਸਮਾਗਮ 'ਚ ਟੀਨਾ ਨੂੰ ਆਪਣੀ ਪ੍ਰੇਮਿਕਾ ਵਜੋਂ ਪੇਸ਼ ਕੀਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਮੁੰਬਈ ਪੁਲਸ ਨੂੰ ਹਨੀ ਸਿੰਘ ਖ਼ਿਲਾਫ਼ ਮਿਲੀ ਸ਼ਿਕਾਇਤ; ਰੈਪਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਪੜ੍ਹੋ ਪੂਰਾ ਮਾਮਲਾ
NEXT STORY