ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਬਹੁਤ ਸਾਰੇ ਅਜਿਹੇ ਸਿਤਾਰੇ ਹਨ, ਜਿਨ੍ਹਾਂ ਬਾਰੇ ਅਜੀਬ ਅਫਵਾਹਾਂ ਅਕਸਰ ਉੱਡਣ ਲੱਗਦੀਆਂ ਹਨ। ਅਫਵਾਹਾਂ ਤੋਂ ਬਾਅਦ ਇਹ ਸਿਤਾਰੇ ਖ਼ੁਦ ਜਾਂ ਉਨ੍ਹਾਂ ਦੇ ਕਰੀਬੀ ਅਫਵਾਹਾਂ 'ਤੇ ਪ੍ਰਤੀਕ੍ਰਿਆ ਦਿੰਦੇ ਹਨ। ਅਜਿਹੀ ਹੀ ਇਕ ਅਫਵਾਹ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਲੱਕੀ ਅਲੀ ਬਾਰੇ ਵੀ ਉੱਡੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਛਾਅ ਗਈ। ਦਰਅਸਲ, ਲੱਕੀ ਅਲੀ ਦੀ ਕੋਰੋਨਾ ਨਾਲ ਮੌਤ ਹੋਣ ਦੀ ਅਫਵਾਹ ਉੱਡੀ ਹੈ, ਜਿਸ ਤੋਂ ਬਾਅਦ ਅਦਾਕਾਰਾ ਨਫੀਸਾ ਅਲੀ ਨੇ ਸਫਾਈ ਦਿੱਤੀ ਹੈ।
ਲੱਕੀ ਅਲੀ ਦੇ ਦਿਹਾਂਤ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਅਫਵਾਹਾਂ ਅਨੁਸਾਰ, ਉਨ੍ਹਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ। ਇਸ ਤੋਂ ਬਾਅਦ ਲੱਕੀ ਅਲੀ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ। ਜਦੋਂ ਅਦਾਕਾਰਾ ਨਫੀਸਾ ਅਲੀ ਨੂੰ ਇਸ ਅਫਵਾਹ ਬਾਰੇ ਪਤਾ ਲੱਗਿਆ, ਤਾਂ ਉਹ ਤੁਰੰਤ ਸੋਸ਼ਲ ਮੀਡੀਆ 'ਤੇ ਆ ਗਈ ਅਤੇ ਲੱਕੀ ਅਲੀ ਦੀ ਮੌਤ ਬਾਰੇ ਪ੍ਰਤੀਕਿਰਿਆ ਦਿੱਤੀ।
ਨਫੀਸਾ ਅਲੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਿਹਾ ਹੈ ਕਿ ਲੱਕੀ ਅਲੀ ਦੀ ਮੌਤ ਇਕ ਅਫਵਾਹ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਨਫੀਸਾ ਅਲੀ ਨੇ ਆਪਣੇ ਟਵੀਟ 'ਚ ਲਿਖਿਆ, 'ਲੱਕੀ ਪੂਰੀ ਤਰ੍ਹਾਂ ਠੀਕ ਹੈ ਅਤੇ ਅਸੀਂ ਅੱਜ ਦੁਪਹਿਰ ਚੈਟ ਕਰ ਰਹੇ ਸੀ। ਉਹ ਆਪਣੇ ਪਰਿਵਾਰ ਨਾਲ ਆਪਣੇ ਫਾਰਮ ਹਾਊਸ 'ਚ ਹੈ। ਉਨ੍ਹਾਂ ਨੂੰ ਕੋਈ ਕੋਵਿਡ ਨਹੀਂ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਨਫੀਸਾ ਅਲੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਅਦਾਕਾਰਾ ਅਤੇ ਲੱਕੀ ਅਲੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਟਵੀਟ ਨੂੰ ਲਾਈਕ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣਾ ਫੀਡਬੈਕ ਵੀ ਦੇ ਰਹੇ ਹਨ।
ਦੱਸ ਦਈਏ ਕਿ ਲੱਕੀ ਅਲੀ 90 ਦੇ ਦਹਾਕੇ ਦੇ ਪ੍ਰਸਿੱਧ ਅਤੇ ਸ਼ਾਨਦਾਰ ਗਾਇਕਾਂ 'ਚੋਂ ਇਕ ਰਹੇ ਹਨ। ਉਨ੍ਹਾਂ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਖ਼ਬਰਾਂ ਅਨੁਸਾਰ ਲੱਕੀ ਅਲੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਬੰਗਲੁਰੂ 'ਚ ਹੈ।
ਕੋਰੋਨਾ ਪੀੜਤਾਂ ਦੀ ਮਦਦ ’ਚ ਜੁਟੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ, ਭਾਈਜਾਨ ਨੇ ਤਾਰੀਫ਼ ’ਚ ਆਖੀ ਇਹ ਗੱਲ
NEXT STORY