ਐਂਟਰਟੇਨਮੈਂਟ ਡੈਸਕ - ਅੱਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਿਜ਼ਾਮਾਂ ਦੇ ਸ਼ਹਿਰ ਹੈਦਰਾਬਾਦ ਦੇ ਇੱਕ ਗੁਰਦੁਆਰੇ 'ਚ ਪਹੁੰਚੇ।

ਇੱਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਦਿਲਜੀਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਗੁਰਦੁਆਰੇ 'ਚ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ।

ਇਸ ਦੌਰਾਨ ਦਿਲਜੀਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਲਈ ਅਤੇ ਗੁਰਦੁਆਰੇ ਦੇ ਬਾਹਰ ਉਡੀਕ ਰਹੇ ਪ੍ਰਸ਼ੰਸਕਾਂ ਨੂੰ ਵੀ ਮਿਲੇ। ਇਸ ਪੋਸਟ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਗੁਰਪੁਰਬ ਦੀਆਂ ਸਰਿਆਂ ਨੂੰ ਵਧਾਈਆਂ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਨੇ ਬਹੁਤ ਕ੍ਰਿਪਾ ਕੀਤੀ।

ਦਿਲਜੀਤ ਦੋਸਾਂਝ ਦਾ ਅੱਜ ਹੈਦਰਾਬਾਦ 'ਚ 'ਦਿਲ ਲੂਮਿਨਾਟੀ' ਸ਼ੋਅ ਹੋਣ ਵਾਲਾ ਹੈ। ਅੱਜ ਦਿਲਜੀਤ ਦੋਸਾਂਝ ਹੈਦਰਾਬਾਦ 'ਚ ਰੌਣਕਾਂ ਲਾਉਣਗੇ ਅਤੇ ਉਥੇ ਦੇ ਲੋਕਾਂ ਨੂੰ ਨਚਾਉਣਗੇ।

ਦੱਸ ਦਈਏ ਕਿ ਕੁੱਝ ਹੀ ਸਾਲ ਪਹਿਲਾਂ ਹੈਦਰਾਬਾਦ ਨੇ ਲਾਈਵ ਸੰਗੀਤ ਨੂੰ ਅਪਣਾਇਆ ਹੈ, ਜਿਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਤੋਂ ਲੈ ਕੇ ਵਿਸ਼ਵ ਪੱਧਰ ਦੇ ਗਾਇਕਾਂ ਨੇ ਆਪਣਾ ਜਲਵਾ ਬਖੇਰਿਆ ਹੈ। ਹਰ ਕੋਈ ਦਿਲਜੀਤ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਦਿਲਜੀਤ ਨੇ ਇਤਿਹਾਸਕ ਚਾਰਮੀਨਾਰ, ਮੰਦਰ ਅਤੇ ਗੁਰਦੁਆਰੇ 'ਚ ਅਰਦਾਸ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਹੈਦਰਾਬਾਦ 'ਚ ਦਿਲਜੀਤ ਦਾ ਸੰਗੀਤ ਸਮਾਰੋਹ ਉਸ ਦੇ 'ਦਿਲ ਲੂਮਿਨਾਟੀ' ਟੂਰ ਦਾ ਇੱਕ ਹਿੱਸਾ ਹੈ, ਜੋ ਕਿ ਭਾਰਤ ਦੇ ਕਈ ਸ਼ਹਿਰਾਂ 'ਚ ਆਯੋਜਿਤ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦਾ ਦਿੱਲੀ ਅਤੇ ਜੈਪੁਰ 'ਚ ਕੰਸਰਟ ਹੋਇਆ ਹੈ, ਜਿੱਥੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਜ਼ ਪੁੱਜੇ ਸਨ। ਇਸ ਦੌਰਾਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।





ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਗੁਰ ਪੁਰਬ ਮੌਕੇ ਗੁਰਦੁਆਰਾ ਸਾਹਿਬ ਟੇਕਿਆ ਮੱਥਾ
NEXT STORY