ਜਲੰਧਰ (ਬਿਊਰੋ) - ਇੰਨੀਂ ਦਿਨੀਂ ਅਦਾਕਾਰਾ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਨੀਰੂ ਬਾਜਵਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਨਜ਼ਰ ਆ ਰਹੇ ਹਨ।

ਦਰਅਸਲ, ਹਾਲ ਹੀ 'ਚ ਨੀਰੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ।

ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਕੈਪਸ਼ਨ 'ਚ ਲਿਖਿਆ ਹੈ, ''ਸਤਿਨਾਮ ਵਾਹਿਗੁਰੂ ਜੀ। ਇਹ ਅਹਿਸਾਸ ਵੀ ਬੜਾ ਸਕੂਨ ਦਿੰਦਾ ਹੈ, ਕੋਈ ਜਾਣੇ ਨਾ ਜਾਣੇ, ਮੇਰਾ ਵਾਹਿਗੁਰੂ ਸਭ ਜਾਣਦਾ ਹੈ। ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ, ਦੁਨੀਆ ਵਿਚ ਜੋ ਕੁਝ ਹੋ ਰਿਹਾ ਹੈ, ਸਭ ਤੇਰਾ ਹੀ ਹੁਕਮ ਚਲ ਰਿਹਾ ਹੈ।''

ਜੇਕਰ ‘ਜੱਟ ਐਂਡ ਜੂਲੀਅਟ’ ਫਰੈਂਚਾਇਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਆਖਰੀ ਫ਼ਿਲਮ ਯਾਨੀ ‘ਜੱਟ ਐਂਡ ਜੂਲੀਅਟ 2’ ਸਾਲ 2013 ’ਚ ਰਿਲੀਜ਼ ਹੋਈ ਸੀ, ਯਾਨੀ ਕਿ 11 ਸਾਲਾਂ ਬਾਅਦ ਇਸ ਫਰੈਂਚਾਇਜ਼ੀ ਦਾ ਤੀਜਾ ਭਾਗ ‘ਜੱਟ ਐਂਡ ਜੂਲੀਅਟ 3’ ਰਿਲੀਜ਼ ਹੋਣ ਜਾ ਰਿਹਾ ਹੈ ਪਰ ਕਹਿੰਦੇ ਹਨ ਕਿ ਦੇਰ ਆਏ ਦਰੁਸਤ ਆਏ ਤੇ ਇਹੀ ਚੀਜ਼ ‘ਜੱਟ ਐਂਡ ਜੂਲੀਅਟ 3’ ਨਾਲ ਹੋਈ ਹੈ।

ਦੱਸ ਦਈਏ ਕਿ ਫ਼ਿਲਮ ਦਾ ਟਰੇਲਰ ਸ਼ਾਨਦਾਰ ਹੈ, ਜਿਹੜਾ ਅੱਜ ਦੇ ਮਾਹੌਲ ਦੀ ਟੈਕਨਾਲੋਜੀ ਤੇ ਟੀਮ ਨਾਲ ਮਿਲ ਕੇ ਬਣਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਸ਼ਾਨਦਾਰ ਕੁਆਲਿਟੀ ਦੇਣ ਦੀ ਗਾਰੰਟੀ ਦੇ ਰਿਹਾ ਹੈ।

ਇਸ ਦੇ ਨਾਲ ਹੀ ਹਰ ਫ਼ਿਲਮ ਨਾਲ ਆਪਣੀ ਅਦਾਕਾਰੀ ਨੂੰ ਹੋਰ ਵੀ ਮਜ਼ਬੂਤ ਕਰ ਚੁੱਕੇ ਦਿਲਜੀਤ ਤੇ ਨੀਰੂ ਹਰ ਸੀਨ ਨੂੰ ਆਪਣੇ ਟੈਲੰਟ ਨਾਲ ਭਰ ਰਹੇ ਹਨ।

ਫ਼ਿਲਮ ’ਚ ਪੁਰਾਣੇ ਕਿਰਦਾਰਾਂ ਦੇ ਨਾਲ-ਨਾਲ ਬਹੁਤ ਸਾਰੇ ਨਵੇਂ ਕਿਰਦਾਰ ਵੀ ਦੇਖਣ ਨੂੰ ਮਿਲਣ ਵਾਲੇ ਹਨ, ਖ਼ਾਸ ਕਰਕੇ ਲਹਿੰਦੇ ਪੰਜਾਬ ਦੇ ਨਾਸਿਰ ਚਿਨਓਟੀ ਤੇ ਅਕਰਮ ਉਦਾਸ, ਜਿਨ੍ਹਾਂ ਨੂੰ ਕਾਮੇਡੀ ਦੇ ਦਿੱਗਜ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਗੁਰਮੀਤ ਸਾਜਨ ਤੇ ਸਤਵੰਤ ਕੌਰ ਵਰਗੇ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਹਨ।

ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਹਨ, ਜੋ ‘ਛੜਾ’ ਫ਼ਿਲਮ ’ਚ ਦਿਲਜੀਤ ਤੇ ਨੀਰੂ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਨ। ਇਨ੍ਹਾਂ ਤਿੰਨਾਂ ਦੀ ਕੈਮਿਸਟਰੀ ਬਾਕਮਾਲ ਹੈ, ਜੋ ‘ਛੜਾ’ ਫ਼ਿਲਮ ’ਚ ਵੀ ਦੇਖਣ ਨੂੰ ਮਿਲੀ ਸੀ।

ਉਥੇ ਜਗਦੀਪ ਸਿੱਧੂ ਪੰਜਾਬੀ ਫ਼ਿਲਮ ਜਗਤ ਨੂੰ ਸ਼ਾਨਦਾਰ ਫ਼ਿਲਮ ਦੇ ਚੁੱਕੇ ਹਨ, ਜਿਨ੍ਹਾਂ ’ਚ ‘ਕਿਸਮਤ’, ‘ਨਿੱਕਾ ਜ਼ੈਲਦਾਰ’ ਤੇ ‘ਹਰਜੀਤਾ’ ਸ਼ਾਮਲ ਹਨ। ਅਜਿਹੇ ’ਚ ਬਹੁਤ ਸਾਰੀਆਂ ਉਮੀਦਾਂ ‘ਜੱਟ ਐਂਡ ਜੂਲੀਅਟ 3’ ਫ਼ਿਲਮ ਨਾਲ ਜੁੜੀਆਂ ਹੋਈਆਂ ਹਨ। ਫ਼ਿਲਮ 27 ਜੂਨ, 2024 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਉਮੀਦ ਹੈ ਕਿ ਫ਼ਿਲਮੀ ਦਰਸ਼ਕਾਂ ਦੀਆਂ ਉਮੀਦਾਂ ’ਤੇ ਖ਼ਰੀ ਉਤਰੇਗੀ।







ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਦਿਲਜੀਤ ਦੋਸਾਂਝ ਨੇ ਟੇਕਿਆ ਮੱਥਾ, ਕੀਤੀ ਪਾਲਕੀ ਸਾਹਿਬ ਜੀ ਦੀ ਸੇਵਾ
NEXT STORY