ਚੰਡੀਗੜ੍ਹ (ਵੈੱਬ ਡੈਸਕ) — ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਆਪਣੇ ਵਿਆਹ ਤੋਂ ਜ਼ਿਆਦਾ ਆਪਣੇ ਕਰੀਅਰ ਵੱਲ ਧਿਆਨ ਦਿੰਦੀਆਂ ਹਨ। ਅਜਿਹੀਆਂ ਕੁੜੀਆਂ 'ਚੋਂ ਇੱਕ ਕੁੜੀ ਹੈ ਅਦਾਕਾਰਾ ਤਾਨੀਆ, ਜਿਹੜੀ ਕਿ ਵਿਆਹ ਤੋਂ ਬਚਣ ਲਈ ਕੇਨੈਡਾ ਪੜ੍ਹਨ ਲਈ ਚਲੀ ਗਈ ਸੀ। ਐਮੀ ਵਿਰਕ ਦੀ ਫ਼ਿਲਮ 'ਸੁਫ਼ਨਾ' 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਤਾਨੀਆ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਅਦਾਕਾਰੀ ਦੀ ਥਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ ਅਤੇ ਕੋਈ ਡਿਗਰੀ ਕਰੇ।

ਵਿਆਹ ਤੋਂ ਬਚਣ ਲਈ ਲਿਆ ਵੱਡਾ ਫ਼ੈਸਲਾ
ਤਾਨੀਆ ਨੇ ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਖ਼ੁਲਾਸਾ ਕਰਦੇ ਹੋਏ ਕਿਹਾ ਸੀ ਕਿ 'ਮੇਰੇ ਮਾਪੇ ਵੀ ਹੋਰਾਂ ਵਾਂਗ ਮੇਰੇ ਫ਼ਿਲਮੀ ਕਰੀਅਰ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ ਸਨ, ਉਹ ਚਾਹੁੰਦੇ ਸਨ ਕਿ ਮੈਂ ਆਪਣੀ ਬੈਚਲਰ ਡਿਗਰੀ ਵੱਲ ਧਿਆਨ ਦੇਵਾਂ।' ਜਦੋਂ ਤਾਨੀਆ ਨੇ ਚੰਡੀਗੜ੍ਹ 'ਚ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ ਤਾਂ ਉਸ ਨੇ ਵਿਆਹ ਤੋਂ ਬਚਣ ਲਈ ਪੀ. ਜੀ. ਕੋਰਸ ਲਈ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ ਸੀ। ਇਹ ਸਾਰੀਆਂ ਗੱਲਾਂ ਤਾਨੀਆ ਨੇ ਨਿੱਜੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਦੌਰਾਨ ਆਖੀਆਂ ਸਨ।

ਪੜ੍ਹਾਈ ਤੋਂ ਬਾਅਦ ਫ਼ਿਲਮੀ ਕਰੀਅਰ 'ਤੇ ਦਿੱਤਾ ਧਿਆਨ
ਜਮਸ਼ੇਦਪੁਰ 'ਚ ਜਨਮੀ ਅਤੇ ਅੰਮ੍ਰਿਤਸਰ 'ਚ ਪਲੀ ਤਾਨੀਆ ਨੂੰ ਕਲਾ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਤਾਨੀਆ ਆਪਣੀ ਪੜ੍ਹਾਈ ਪੂਰੀ ਕਰੇ। ਉਨ੍ਹਾਂ ਨੇ ਆਪਣੇ ਮਾਪਿਆਂ ਦੀ ਗੱਲ ਪੂਰੀ ਕਰਦੇ ਹੋਏ ਪੋਸਟ ਗਰੇਜੂਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ 'ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ।
ਤਾਨੀਆ ਨੇ ਆਪਣੀ ਪੜ੍ਹਾਈ ਪੂਰੀ ਕਰਦਿਆਂ ਹੀ ਆਪਣੇ ਫ਼ਿਲਮੀ ਕਰੀਅਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਕਾਲਜ ਪੜ੍ਹਦਿਆਂ ਰੰਗਮੰਚ 'ਤੇ ਅਨੇਕਾਂ ਨਾਟਕ ਖੇਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ 6 ਵਾਰ ਜਿੱਤਿਆ।

ਫ਼ਿਲਮੀ ਸਫ਼ਰ
ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫ਼ਿਲਮ 'ਸੰਨ ਆਫ ਮਨਜੀਤ ਸਿੰਘ' ਨਾਲ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦਾ ਅਸਲ ਸਫਰ ਸ਼ੁਰੂ ਕੀਤਾ, ਜਿਸ 'ਚ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ 'ਸਿਮਰਨ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 'ਕਿਸਮਤ' 'ਚ ਐਮੀ ਵਿਰਕ ਦੀ ਮੰਗੇਤਰ 'ਅਮਨ' ਦਾ ਕਿਰਦਾਰ ਮਿਲਿਆ, ਜਿਸ ਨੇ ਦਰਸਕਾਂ ਦਾ ਧਿਆਨ ਖਿੱਚਿਆ। ਫ਼ਿਲਮ 'ਗੁੱਡੀਆ ਪਟੋਲੇ' 'ਚ ਉਨ੍ਹਾਂ ਨੇ ਸੋਨਮ ਬਾਜਵਾ ਦੀ ਭੈਣ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ 'ਚ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ।

ਫ਼ਿਲਮ 'ਸੁਫਨਾ' ਨਾਲ ਬਣੀ ਫ਼ਿਲਮੀ ਪਰਦੇ ਦੀ ਰਾਣੀ
'ਕਿਸਮਤ', 'ਰੱਬ ਦਾ ਰੇਡੀਓ 2', 'ਸੰਨ ਆਫ ਮਨਜੀਤ ਸਿੰਘ', 'ਗੁੱਡੀਆਂ ਪਟੋਲੇ' ਵਰਗੀ ਫ਼ਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਤਾਨੀਆ ਪਿਛਲੇ ਸਾਲ ਬਤੌਰ ਲੀਡ ਰੋਲ ਫ਼ਿਲਮ 'ਸੁਫਨਾ' 'ਚ ਨਜ਼ਰ ਆਈ। ਜਗਦੀਪ ਸਿੱਧੂ ਦੀ 'ਸੁਫਨਾ' ਫ਼ਿਲਮ ਜੋ ਕਿ ਪਿਛਲੇ ਸਾਲ ਫਰਵਰੀ 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਤਾਨੀਆ ਤੇ ਐਮੀ ਵਿਰਕ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ। ਦਰਸ਼ਕਾਂ ਵੱਲੋਂ ਤਾਨੀਆ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ।

ਤਾਂ ਹੀ ਬਾਲੀਵੁੱਡ ਫ਼ਿਲਮ 'ਸਰਬਜੀਤ' ਦਾ ਠੁਕਰਾਇਆ ਸੀ ਆਫ਼ਰ
ਤਾਨੀਆ ਨੂੰ ਅਦਾਕਾਰੀ ਦੇ ਨਾਲ-ਨਾਲ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਹੈ। ਤਾਨੀਆ ਕਿਸਮਤ ਦੀ ਧਨੀ ਹੈ, ਜਿਸਨੂੰ ਥੀਏਟਰ ਕਰਦਿਆਂ ਹੀ ਫਿਲਮਾਂ 'ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਬਾਲੀਵੁੱਡ ਫ਼ਿਲਮ 'ਸਰਬਜੀਤ' ਦੀ ਆਫਰ ਹੋਈ ਸੀ, ਜਿਸ 'ਚ ਉਨ੍ਹਾਂ ਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ ਪਰ ਉਹ ਆਪਣੇ ਗਰੇਜੂਏਸ਼ਨ ਦੇ ਫਾਇਨਲ ਪੇਪਰਾਂ ਕਰਕੇ ਇਹ ਫ਼ਿਲਮ ਨਾ ਕਰ ਸਕੀ।
ਕਾਮੇਡੀਅਨ ਸੁਗੰਧਾ ਮਿਸ਼ਰਾ ਖ਼ਿਲਾਫ਼ FIR ਦਰਜ, ਵਿਆਹ ’ਚ ਕੋਰੋਨਾ ਗਾਈਡਲਾਈਨਜ਼ ਦੀ ਕੀਤੀ ਉਲੰਘਣਾ
NEXT STORY