ਐਂਟਰਟੇਨਮੈਂਟ ਡੈਸਕ : 17 ਮਈ ਨੂੰ ਦੁਨੀਆਭਰ 'ਚ ਰਿਲੀਜ਼ ਹੋ ਰਹੀ ਫ਼ਿਲਮ 'ਜੇ ਜੱਟ ਵਿਗੜ ਗਿਆ' ਨੂੰ ਲੈ ਪੂਰੀ ਸਟਾਰਕਾਸਟ ਦੇ ਨਾਲ-ਨਾਲ ਫੈਨਜ਼ ਵੀ ਪੱਬਾ ਭਾਰ ਹਨ। ਇੰਨੀਂ ਦਿਨੀਂ ਜੈ ਰੰਧਾਵਾ ਆਪਣੀ ਸਟਾਰਕਾਸਟ ਨਾਲ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਜੈ ਰੰਧਾਵਾ ਆਪਣੀ ਟੀਮ ਨਾਲ ਫ਼ਿਲਮ ਦੀ ਪ੍ਰਮੋਸ਼ਨ ਵੱਡੇ ਪੱਧਰ 'ਤੇ ਕਰ ਰਹੇ ਹਨ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ। ਇਨ੍ਹਾਂ ਵੀਡੀਓਜ਼ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਫੈਨਜ਼ ਫ਼ਿਲਮ ਪ੍ਰਤੀ ਕਾਫ਼ੀ ਉਤਸ਼ਾਹਿਤ ਹਨ।
ਦੱਸ ਦਈਏ ਕਿ 'ਜੇ ਜੱਟ ਵਿਗੜ ਗਿਆ' ਫ਼ਿਲਮ 'ਚ ਜੈ ਰੰਧਾਵਾ ਦਾ ਦਮਦਾਰ ਅੰਦਾਜ਼ ਵੇਖਣ ਨੂੰ ਮਿਲੇਗਾ। ਫ਼ਿਲਮ ਦਾ ਟਰੇਲਰ ਐਕਸ਼ਨ ਭਰਪੂਰ ਹੈ, ਜੋ ਹਰੇਕ ਨੂੰ ਫ਼ਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ। ਇਸ ਫ਼ਿਲਮ ਦਾ ਐਕਸ਼ਨ ਵੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਫ਼ਿਲਮ ਬਾਲੀਵੁੱਡ ਦੇ ਹਾਣ ਦੀ ਹੋਵੇਗੀ। ਫ਼ਿਲਮ ਦੇ ਟਰੇਲਰ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਵਾਰ ਯੂਟਿਊਬ 'ਤੇ ਵੇਖਿਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਸਪੀਡ ਰਿਕਾਰਡਸ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 'ਥਿੰਦ ਮੋਸ਼ਨ ਫਿਲਮਜ਼' ਦੇ ਬੈਨਰ ਹੇਠ ਅਤੇ 'ਜਬ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਦਲਜੀਤ ਸਿੰਘ ਥਿੰਦ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਸਹਿ ਨਿਰਮਾਤਾ ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਰਾਓ ਹਨ। ਫ਼ਿਲਮ ਦੇ ਨਿਰਦੇਸ਼ਨ ਕਮਾਂਡ ਮਨੀਸ਼ ਭੱਟ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ 'ਚੋਬਰ', 'ਮੈਡਲ', 'ਪੰਛੀ' ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਐਕਸ਼ਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਫ਼ਿਲਮ 'ਚ ਜੈ ਰੰਧਾਵਾ, ਪਵਨ ਮਲਹੋਤਰਾ ਅਤੇ ਦੀਪ ਸਹਿਗਲ ਲੀਡਿੰਗ ਕਿਰਦਾਰ 'ਚ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ 'ਚ ਵਿਖਾਈ ਦੇਣਗੇ। 17 ਮਈ 2024 ਨੂੰ ਦੇਸ਼-ਵਿਦੇਸ਼ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਕਹਾਣੀਕਾਰ ਜੇ ਮਹਾਰਿਸ਼ੀ, ਸਕਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਰਜੀਤ ਸਿੰਘ ਸਰਾਓ, ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ, ਕੈਮਰਾਮੈਨ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ, ਕ੍ਰਿਏਟਿਵ ਹੈਡ ਗੈਰੀ ਸੋਮਲ ਹਨ।
ਪਰਮੀਸ਼ ਵਰਮਾ ਦੇ ਸ਼ੋਅ 'ਚ ਭੀੜ 'ਤੇ ਕਾਬੂ ਪਾਉਣ ਲਈ ਬਾਊਂਸਰ ਨੇ ਚੁੱਕਿਆ ਡੰਡਾ, ਕਾਰਨਾਮਾ ਵੇਖ ਭੜਕਿਆ ਗਾਇਕ
NEXT STORY