ਕਾਬੁਲ/ਇਸਲਾਮਾਬਾਦ: ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਇੱਕ ਵਾਰ ਫਿਰ ਸਿਖਰਾਂ 'ਤੇ ਪਹੁੰਚ ਗਿਆ ਹੈ। ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੀ ਸਰਹੱਦ ਦੇ ਅੰਦਰ ਕੀਤੇ ਗਏ ਘਾਤਕ ਹਵਾਈ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਤਾਜ਼ਾ ਅਤੇ ਭਿਆਨਕ ਸਰਹੱਦੀ ਝੜਪਾਂ ਸ਼ੁਰੂ ਹੋ ਗਈਆਂ ਹਨ। ਦੋਵੇਂ ਗੁਆਂਢੀ ਦੇਸ਼ ਇੱਕ-ਦੂਜੇ 'ਤੇ ਹਿੰਸਾ ਭੜਕਾਉਣ ਦੇ ਦੋਸ਼ ਲਗਾ ਰਹੇ ਹਨ।
ਇੱਕ-ਦੂਜੇ 'ਤੇ ਲਗਾਏ ਗੰਭੀਰ ਦੋਸ਼
ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਸੂਚਨਾ ਵਿਭਾਗ ਦੇ ਮੁਖੀ ਜ਼ਬੀਹੁੱਲਾ ਨੂਰਾਨੀ ਨੇ ਦਾਅਵਾ ਕੀਤਾ ਹੈ ਕਿ ਸ਼ਾਹਕੋਟ ਇਲਾਕੇ ਵਿੱਚ ਪਾਕਿਸਤਾਨੀ ਫੌਜ ਨੇ ਪਹਿਲਾਂ ਗੋਲੀਬਾਰੀ ਕੀਤੀ। ਦੂਜੇ ਪਾਸੇ, ਪਾਕਿਸਤਾਨੀ ਸਰਕਾਰੀ ਅਧਿਕਾਰੀ ਮੁਸ਼ੱਰਫ ਜ਼ੈਦੀ ਨੇ ਅਫਗਾਨ ਫੌਜ 'ਤੇ ਤੋਰਖਮ ਸਰਹੱਦੀ ਖੇਤਰ ਵਿੱਚ ਬਿਨਾਂ ਕਿਸੇ ਉਕਸਾਵੇ ਦੇ ਫਾਇਰਿੰਗ ਕਰਨ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸੁਰੱਖਿਆ ਫੌਜਾਂ ਨੇ ਇਸ "ਤਾਲਿਬਾਨੀ ਹਮਲੇ" ਦਾ ਮੂੰਹ-ਤੋੜ ਜਵਾਬ ਦਿੱਤਾ ਹੈ।
ਜਾਨੀ ਤੇ ਮਾਲੀ ਨੁਕਸਾਨ
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦੱਸਿਆ ਕਿ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ ਹਨ। ਅਫਗਾਨ ਰੱਖਿਆ ਮੰਤਰਾਲੇ ਅਨੁਸਾਰ, ਇਹਨਾਂ ਹਮਲਿਆਂ ਵਿੱਚ ਧਾਰਮਿਕ ਸਕੂਲਾਂ ਅਤੇ ਰਿਹਾਇਸ਼ੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਲੋਕ ਜ਼ਖਮੀ ਅਤੇ ਹਲਾਕ ਹੋਏ ਹਨ। ਹਾਲਾਂਕਿ, ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅੱਤਵਾਦੀ ਸਮੂਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ 80 ਤੋਂ ਵੱਧ ਲੜਾਕਿਆਂ ਨੂੰ ਮਾਰ ਮੁਕਾਇਆ ਹੈ, ਜਿਸ ਨੂੰ ਤਾਲਿਬਾਨ ਨੇ ਸਿਰੇ ਤੋਂ ਨਕਾਰ ਦਿੱਤਾ ਹੈ।
ਪਾਕਿਸਤਾਨ ਦਾ ਦੋਸ਼ ਹੈ ਕਿ ਅਫਗਾਨਿਸਤਾਨ ਆਪਣੀ ਧਰਤੀ 'ਤੇ ਪਲ ਰਹੇ ਹਥਿਆਰਬੰਦ ਸਮੂਹਾਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਹੈ, ਜੋ ਪਾਕਿਸਤਾਨ ਵਿੱਚ ਇਸਲਾਮਾਬਾਦ ਦੀ ਮਸਜਿਦ 'ਤੇ ਹੋਏ ਆਤਮਘਾਤੀ ਹਮਲੇ ਵਰਗੀਆਂ ਕਾਰਵਾਈਆਂ ਕਰਦੇ ਹਨ।
ਦੂਜੇ ਪਾਸੇ, ਅਫਗਾਨਿਸਤਾਨ ਨੇ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਸਹੀ ਸਮਾਂ ਆਉਣ 'ਤੇ ਇਸ ਦਾ ਕਰਾਰਾ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਅਕਤੂਬਰ ਵਿੱਚ ਹੋਈਆਂ ਝੜਪਾਂ, ਜਿਸ ਵਿੱਚ 70 ਤੋਂ ਵੱਧ ਲੋਕ ਮਾਰੇ ਗਏ ਸਨ, ਤੋਂ ਬਾਅਦ ਸਰਹੱਦੀ ਰਸਤੇ ਅਕਸਰ ਬੰਦ ਰਹਿੰਦੇ ਹਨ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵੱਡੀ ਦਰਾੜ ਆ ਗਈ ਹੈ।
UNAMA ਨੇ ਜਤਾਈ ਚਿੰਤਾ
ਉਥੇ ਹੀ ਦੂਜੇ ਪਾਸੇ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (UNAMA) ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਤੇ ਇਸ ਹਮਲੇ ਵਿਚ ਆਮ ਲੋਕਾਂ ਦੇ ਮਾਰੇ ਜਾਣ ਉੱਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ ਇਹ ਹਮਲਾ 21-22 ਫਰਵਰੀ ਦੀ ਦਰਨਿਆਨੀ ਰਾਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
America @250 ; ਟਰੰਪ ਨੇ ਟੈਰਿਫ਼ ਤੇ ਟੈਕਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY