ਮੁੰਬਈ- ਬਾਲੀਵੁੱਡ ਦੇ 'ਦਬੰਗ' ਸਟਾਰ ਸਲਮਾਨ ਖਾਨ ਇੱਕ ਵਾਰ ਫਿਰ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਰਾਜਸਥਾਨ ਦੀ ਕੋਟਾ ਉਪਭੋਗਤਾ ਅਦਾਲਤ ਵਿੱਚ 'ਰਾਜਸ਼੍ਰੀ ਪਾਨ ਮਸਾਲਾ' ਦੇ ਇਸ਼ਤਿਹਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਮੰਗਲਵਾਰ ਨੂੰ ਸੁਣਵਾਈ ਹੋਈ, ਜਿਸ ਵਿੱਚ ਸਲਮਾਨ ਖਾਨ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਪੇਸ਼ ਨਹੀਂ ਹੋਏ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਤੈਅ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਭਾਜਪਾ ਆਗੂ ਅਤੇ ਐਡਵੋਕੇਟ ਇੰਦਰ ਮੋਹਨ ਸਿੰਘ ਹਨੀ ਵੱਲੋਂ ਦਾਇਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ: ‘ਰਾਜਸ਼੍ਰੀ ਪਾਨ ਮਸਾਲਾ’ ਦੇ ਵਿਗਿਆਪਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਿੱਚ ‘ਕੇਸਰ’ ਹੈ। ਅਦਾਲਤ ਵਿੱਚ ਸਵਾਲ ਉਠਾਇਆ ਗਿਆ ਕਿ ਜਦੋਂ ਬਾਜ਼ਾਰ ਵਿੱਚ ਕੇਸਰ ਦੀ ਕੀਮਤ ਲਗਭਗ 4 ਲੱਖ ਰੁਪਏ ਪ੍ਰਤੀ ਕਿਲੋ ਹੈ, ਤਾਂ ਸਿਰਫ਼ 5 ਰੁਪਏ ਦੇ ਪਾਊਚ ਵਿੱਚ ਕੇਸਰ ਕਿਵੇਂ ਮਿਲ ਸਕਦਾ ਹੈ?। ਇਲਜ਼ਾਮ ਹੈ ਕਿ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਰਾਹੀਂ ਨੌਜਵਾਨਾਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲਗਾਉਣ ਵਾਲੇ ਉਤਪਾਦਾਂ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ।
ਅਦਾਲਤ ਦਾ ਸਖ਼ਤ ਰੁਖ
ਅਦਾਲਤ ਨੇ ਪਹਿਲਾਂ ਸਲਮਾਨ ਖਾਨ ਨੂੰ 20 ਜਨਵਰੀ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਉਨ੍ਹਾਂ ਦੇ ਨਾ ਆਉਣ 'ਤੇ ਸ਼ਿਕਾਇਤਕਰਤਾ ਪੱਖ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਐਡਵੋਕੇਟ ਰਿਪੂ ਦਮਨ ਸਿੰਘ ਨੇ ਕਿਹਾ ਕਿ: ਦੇਸ਼ ਵਿੱਚ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਕੋਈ ਵੀ ਫਿਲਮੀ ਸਿਤਾਰਾ ਕਾਨੂੰਨ ਤੋਂ ਵੱਡਾ ਨਹੀਂ ਹੈ। ਜੇਕਰ ਸਲਮਾਨ ਖਾਨ 5 ਫਰਵਰੀ ਨੂੰ ਵੀ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ 15 ਜਨਵਰੀ ਨੂੰ ਜੈਪੁਰ ਕੰਜ਼ਿਊਮਰ ਕਮਿਸ਼ਨ ਨੇ ਵੀ ਸਲਮਾਨ ਖਾਨ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਅਗਲੀ ਸੁਣਵਾਈ 'ਤੇ ਟਿਕੀਆਂ ਨਜ਼ਰਾਂ
ਅਦਾਲਤ ਨੇ ਹੁਣ ਅਗਲੀ ਤਾਰੀਖ਼ 'ਤੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਸਤਾਖਰਾਂ ਦੀ ਰਸੀਦ ਵੀ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਕੀ ਸਲਮਾਨ ਖਾਨ 5 ਫਰਵਰੀ ਨੂੰ ਅਦਾਲਤ ਵਿੱਚ ਹਾਜ਼ਰ ਹੁੰਦੇ ਹਨ ਜਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ।
ਅਭਿਸ਼ੇਕ ਦੀ ‘ਯੂਰਪੀਅਨ ਟੀ-20 ਲੀਗ’ ’ਚ ਧਮਾਕਾ! ਸਟੀਵ, ਮੈਕਸਵੈੱਲ ਤੇ ਜੈਮੀ ਵਰਗੇ ਦਿੱਗਜ ਬਣੇ ਫ੍ਰੈਂਚਾਈਜ਼ੀ ਮਾਲਕ
NEXT STORY