ਸਿਡਨੀ- ਬਾਲੀਵੁੱਡ ਸੁਪਰਸਟਾਰ ਅਭਿਸ਼ੇਕ ਬੱਚਨ ਦੀ ਅਗਵਾਈ ਵਾਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ (ETPL) ਨੇ ਬੁੱਧਵਾਰ ਨੂੰ ਖੇਡ ਜਗਤ ਵਿੱਚ ਇੱਕ ਵੱਡਾ ਐਲਾਨ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਲੀਗ ਵਿੱਚ ਹੁਣ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਸਟੀਵ ਵਾ, ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਹਾਕੀ ਦੇ ਦਿੱਗਜ ਖਿਡਾਰੀ ਜੈਮੀ ਡਵਾਇਰ ਫ੍ਰੈਂਚਾਈਜ਼ੀ ਮਾਲਕਾਂ ਵਜੋਂ ਸ਼ਾਮਲ ਹੋ ਗਏ ਹਨ।
ਦਿੱਗਜਾਂ ਦੇ ਹੱਥਾਂ ’ਚ ਹੋਵੇਗੀ ਟੀਮਾਂ ਦੀ ਕਮਾਨ
ਲੀਗ ਨੇ ਆਪਣੀਆਂ ਪਹਿਲੀਆਂ ਤਿੰਨ ਟੀਮਾਂ ਦੇ ਮਾਲਕਾਂ ਦੇ ਨਾਮਾਂ ਦਾ ਖੁਲਾਸਾ ਕੀਤਾ ਹੈ:
• ਐਮਸਟਰਡਮ (Amsterdam): ਇਸ ਟੀਮ ਦੀ ਮਾਲਕੀ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਅਤੇ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਖਿਡਾਰੀ ਜੈਮੀ ਡਵਾਇਰ ਦੀ ਅਗਵਾਈ ਵਾਲੇ ਸਮੂਹ ਕੋਲ ਹੋਵੇਗੀ।
• ਬੇਲਫਾਸਟ (Belfast): ਇਸ ਟੀਮ ਨੂੰ ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੈੱਲ ਅਤੇ ਰੋਹਨ ਲੁੰਡ ਖਰੀਦ ਚੁੱਕੇ ਹਨ।
• ਐਡਿਨਬਰਗ (Edinburgh): ਨਿਊਜ਼ੀਲੈਂਡ ਦੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਨਾਥਨ ਮੈਕੁਲਮ ਅਤੇ ਕਾਇਲ ਮਿਲਜ਼ ਇਸ ਟੀਮ ਦੇ ਮਾਲਕ ਬਣੇ ਹਨ।
ICC ਤੋਂ ਮਾਨਤਾ ਪ੍ਰਾਪਤ ਹੈ ਇਹ ਲੀਗ
ਦੱਸਣਯੋਗ ਹੈ ਕਿ ਇਸ ਗਲੋਬਲ ਲੀਗ ਨੂੰ ਆਈ. ਸੀ. ਸੀ. (ICC) ਤੋਂ ਮਾਨਤਾ ਮਿਲੀ ਹੋਈ ਹੈ ਅਤੇ ਇਸ ਨੂੰ ਨੀਦਰਲੈਂਡ, ਆਇਰਲੈਂਡ ਤੇ ਸਕਾਟਲੈਂਡ ਦੇ ਕ੍ਰਿਕਟ ਬੋਰਡਾਂ ਦਾ ਪੂਰਾ ਸਮਰਥਨ ਹਾਸਲ ਹੈ। ਹਾਲਾਂਕਿ ਲੀਗ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੀ, ਪਰ 6 ਟੀਮਾਂ ਦਾ ਇਹ ਟੂਰਨਾਮੈਂਟ ਇਸੇ ਸਾਲ ਖੇਡਿਆ ਜਾਵੇਗਾ, ਜਿਸ ਵਿੱਚ ਕੁੱਲ 34 ਮੈਚ ਹੋਣਗੇ।
ਸਟੀਵ ਵਾ ਨੇ ਦੱਸੀ ਵਾਪਸੀ ਦੀ ਵਜ੍ਹਾ
ਇਸ ਮੌਕੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਸਟੀਵ ਵਾ ਨੇ ਕਿਹਾ ਕਿ ਉਹ ਬਹੁਤ ਸੋਚ-ਸਮਝ ਕੇ ਚੋਣ ਕਰਦੇ ਹਨ ਕਿ ਉਨ੍ਹਾਂ ਨੇ ਆਪਣਾ ਸਮਾਂ ਕਿੱਥੇ ਲਗਾਉਣਾ ਹੈ। ਉਨ੍ਹਾਂ ਮੁਤਾਬਕ ਇਹ ਮੌਕਾ ਬਹੁਤ ਖਾਸ ਹੈ ਕਿਉਂਕਿ ਇਸ ਲੀਗ ਦੀ ਸੋਚ ‘ਦੂਰਦਰਸ਼ੀ’ ਹੈ ਅਤੇ ਇਸ ਰਾਹੀਂ ਉਹ ਇੱਕ ਵੱਖਰੀ ਭੂਮਿਕਾ ਵਿੱਚ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਹਨ।
ਇਸ ਲੀਗ ਵਿੱਚ ਅਭਿਸ਼ੇਕ ਬੱਚਨ ਦੇ ਨਾਲ ਸੌਰਵ ਬੈਨਰਜੀ, ਪ੍ਰਿਅੰਕਾ ਕੌਲ ਅਤੇ ਧੀਰਜ ਮਲਹੋਤਰਾ ਵੀ ਸਾਂਝੇਦਾਰ ਹਨ।
ਈਸ਼ਾਨ ਤੀਜੇ ਨੰਬਰ ’ਤੇ ਉਤਰੇਗਾ : ਸੂਰਯਕੁਮਾਰ
NEXT STORY