ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਦੀ ਰਿਲੀਜ਼ਿੰਗ ਤੋਂ ਪਹਿਲਾਂ ਮਹਾਕਾਲ ਦੇ ਦਰਸ਼ਨ ਕਰਨ ਲਈ ਉਜੈਨ ਪਹੁੰਚੇ। ਇਸ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਵੀ ਉਨ੍ਹਾਂ ਦੇ ਨਾਲ ਸਨ। ਮਹਾਕਾਲ ਦੇ ਦਰਸ਼ਨਾਂ ਲਈ ਪਹੁੰਚੀ 'ਬ੍ਰਹਮਾਸਤਰ' ਦੀ ਟੀਮ ਨੂੰ ਉਥੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਕਾਲੇ ਝੰਡੇ ਲੈ ਕੇ ਮਹਾਕਾਲੇਸ਼ਵਰ ਮੰਦਰ ਪੁੱਜੇ ਅਤੇ ਹੰਗਾਮਾ ਕੀਤਾ। ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ।

ਆਲੀਆ-ਰਣਬੀਰ ਮਹਾਕਾਲ ਦੇ ਦਰਸ਼ਨ ਨਹੀਂ ਕਰ ਸਕੇ
ਮਹਾਕਾਲ ਮੰਦਰ ਦੇ ਬਾਹਰ ਮਾਹੌਲ ਖ਼ਰਾਬ ਹੋਣ ਕਾਰਨ ਅਯਾਨ ਮੁਖਰਜੀ ਇਕੱਲੇ ਹੀ ਮਹਾਕਾਲ ਦੇ ਦਰਸ਼ਨ ਅਤੇ ਸ਼ਾਮ ਦੀ ਆਰਤੀ ਲਈ ਪਹੁੰਚੇ। ਇਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਿਰਫ਼ ਅਯਾਨ ਮੁਖਰਜੀ ਨੂੰ ਸੰਧਿਆ ਆਰਤੀ 'ਚ ਹਿੱਸਾ ਲੈਂਦੇ ਦੇਖਿਆ ਜਾ ਸਕਦਾ ਹੈ। ਦਰਸ਼ਨ ਤੋਂ ਬਾਅਦ ਸਾਹਮਣੇ ਆਏ ਅਯਾਨ ਮੁਖਰਜੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਫ਼ਿਲਮ ਸਫ਼ਲ ਹੋਵੇ। ਖ਼ਬਰਾਂ ਮੁਤਾਬਕ, ਰਣਬੀਰ ਕਪੂਰ ਅਤੇ ਆਲੀਆ ਭੱਟ ਸੁਰੱਖਿਆ ਕਾਰਨਾਂ ਕਰਕੇ ਮੰਦਰ ਨਹੀਂ ਜਾ ਸਕੇ, ਸਿਰਫ ਨਿਰਦੇਸ਼ਕ ਅਯਾਨ ਮੁਖਰਜੀ ਹੀ ਦਰਸ਼ਨ ਕਰ ਸਕੇ।

ਰੋਸ ਪ੍ਰਦਰਸ਼ਨ ਕਾਰਨ ਮਾਹੌਲ ਹੋਇਆ ਖ਼ਰਾਬ
ਮਹਾਕਾਲ ਦੇ ਦਰਸ਼ਨਾਂ ਲਈ ਆਈ ਟੀਮ ਠੀਕ ਤਰ੍ਹਾਂ ਦਰਸ਼ਨ ਨਹੀਂ ਕਰ ਸਕੀ। ਇਸ ਦੌਰਾਨ ਉਥੇ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਦੌਰਾਨ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਪ੍ਰਦਰਸ਼ਨਕਾਰੀ ਆਪਣੇ ਆਪ ਨੂੰ ਬਜਰੰਗ ਦਲ ਦੇ ਵਰਕਰ ਦੱਸ ਰਹੇ ਹਨ ਅਤੇ ਫ਼ਿਲਮ ਦਾ ਵਿਰੋਧ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਰੋਧ ਰਣਬੀਰ ਕਪੂਰ ਦੇ ਇਕ ਪੁਰਾਣੇ ਬਿਆਨ ਕਾਰਨ ਹੋ ਰਿਹਾ ਹੈ। ਇਸ ਬਿਆਨ 'ਚ ਰਣਬੀਰ ਕਪੂਰ ਨੇ ਕਿਹਾ ਸੀ ਕਿ ਉਹ ਬੀਫ ਪਸੰਦ ਕਰਦੇ ਹਨ ਅਤੇ ਬੀਫ ਪ੍ਰੇਮੀ ਹਨ। ਹੁਣ ਉਨ੍ਹਾਂ ਦੇ ਇਸ ਪੁਰਾਣੇ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਹੋਣ ਲੱਗਾ ਫ਼ਿਲਮ ਦਾ ਵਿਰੋਧ
ਬਾਈਕਾਟ ਦਾ ਰੁਝਾਨ ਹੁਣ ਹੌਲੀ-ਹੌਲੀ 'ਬ੍ਰਹਮਾਸਤਰ' ਨੂੰ ਆਪਣੀ ਲਪੇਟ ਵਿਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਫ਼ਿਲਮ ਨੂੰ ਹੁਣ ਤੱਕ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਨੂੰ ਲੈ ਕੇ ਦਰਸ਼ਕਾਂ 'ਚ ਉਤਸੁਕਤਾ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਫ਼ਿਲਮ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਅਤੇ ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਾਈਕਾਟ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਟਵਿੱਟਰ 'ਤੇ ਬਾਈਕਾਟ ਬ੍ਰਹਮਾਸਤਰ ਟ੍ਰੈਂਡ ਕੀਤਾ ਗਿਆ। ਫ਼ਿਲਮ ਨੂੰ ਲੈ ਕੇ ਸ਼ੁਰੂ ਹੋਏ ਇਸ ਵਿਰੋਧ ਨੇ ਨਿਰਮਾਤਾਵਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ।

ਅਯਾਨ ਮੁਖਰਜੀ ਲਈ ਖ਼ਾਸ ਹੈ 'ਬ੍ਰਹਮਾਸਤਰ'
ਨਿਰਦੇਸ਼ਕ ਅਯਾਨ ਮੁਖਰਜੀ ਲਈ 'ਬ੍ਰਹਮਾਸਤਰ' ਬਹੁਤ ਖ਼ਾਸ ਫ਼ਿਲਮ ਹੈ। ਫ਼ਿਲਮ ਦੇ ਵਿਚਾਰ ਨੇ ਜਨਮ ਲਿਆ ਜਦੋਂ ਨਿਰਦੇਸ਼ਕ ਅਯਾਨ ਮੁਖਰਜੀ 2012 ਵਿਚ ਬਰਫੀਲੇ ਪਹਾੜਾਂ ਵਿਚ 'ਯੇ ਜਵਾਨੀ ਹੈ ਦੀਵਾਨੀ' ਦੀ ਸ਼ੂਟਿੰਗ ਕਰ ਰਹੇ ਸਨ। ਅਯਾਨ ਨੇ ਲਗਭਗ ਇੱਕ ਦਹਾਕੇ ਤੋਂ ਇਸ ਪ੍ਰੋਜੈਕਟ ਵਿਚ ਨਿਵੇਸ਼ ਕੀਤਾ ਹੋਇਆ ਹੈ ਅਤੇ ਇਹ ਸਿਰਫ਼ ਤਿੰਨ ਫ਼ਿਲਮਾਂ ਦੀ ਲੜੀ ਹੈ, ਜਿਸ ਦੀ ਪਹਿਲੀ ਰਿਲੀਜ਼ ਲਈ ਤਿਆਰ ਹੈ। ਇਹ ਭਾਰਤੀ ਸਿਨੇਮਾ ਦਾ ਸਭ ਤੋਂ ਅਭਿਲਾਸ਼ੀ ਪ੍ਰੋਜੈਕਟ ਹੈ ਅਤੇ ਨਾਲ ਹੀ ਦੇਸ਼ ਵਿਚ ਬਣੀ ਸਭ ਤੋਂ ਮਹਿੰਗੀ ਫ਼ਿਲਮ ਹੈ। ਇਹ ਫ਼ਿਲਮ ਲਗਭਗ 8000 ਸਕ੍ਰੀਨਜ਼ 'ਤੇ ਰਿਲੀਜ਼ ਹੋ ਰਹੀ ਹੈ, ਜੋ ਕਿ ਕਿਸੇ ਵੀ ਹਿੰਦੀ ਫ਼ਿਲਮ ਲਈ ਸਭ ਤੋਂ ਵੱਧ ਹੈ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਇਸ ਅਭਿਲਾਸ਼ੀ ਫ਼ਿਲਮ ਵਿਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਨਾਗਾਰਜੁਨ ਅਕੀਨੇਨੀ, ਮੌਨੀ ਰਾਏ ਅਤੇ ਸ਼ਾਹਰੁਖ ਖ਼ਾਨ ਨੇ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਹਿਮੇਸ਼ ਰੇਸ਼ਮੀਆ ਨੇ ਨੇਹਾ ਕੱਕੜ ਦੀ ਲਾਈ ਕਲਾਸ, ਰੋਹਨਪ੍ਰੀਤ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
NEXT STORY