ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਸਪੋਰਟਸ ਡਰਾਮਾ '83' ਦਾ ਪਹਿਲਾ ਗੀਤ 'ਲਹਿਰਾ ਦੋ' (Lehra Do) ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੇਸ਼ ਭਗਤੀ ਦੇ ਨਾਲ ਲਬਰੇਜ ਇਹ ਗੀਤ ਟੀਮ ਇੰਡੀਆ ਦੀ ਨਿਰਾਸ਼ਾ ਅਤੇ ਇਸ ਦੇ ਬਾਅਦ ਜਿੱਤਣ ਲਈ ਕੀਤੀ ਗਈ ਮਿਹਨਤ ਅਤੇ ਜਜ਼ਬੇ ਨੂੰ ਬਿਆਨ ਕਰ ਰਿਹਾ ਹੈ। ਫ਼ਿਲਮ ਦਾ ਇਹ ਗੀਤ ਰਿਲੀਜ਼ ਹੁੰਦੇ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ।
'2 ਮਿੰਟ 8 ਸੈਕਿੰਡ' ਦਾ ਇਹ ਸ਼ਾਨਦਾਰ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਰਣਵੀਰ ਸਿੰਘ ਅਤੇ ਫ਼ਿਲਮ ਦੇ ਬਾਕੀ ਖਿਡਾਰੀਆਂ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰੀਜੀਤ ਸਿੰਘ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦਾ ਸੰਗੀਤ ਪ੍ਰੀਤਮ ਵਲੋਂ ਤਿਆਰ ਕੀਤਾ ਗਿਆ ਹੈ। ਫ਼ਿਲਮ 'ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਜਦਕਿ ਦੀਪਿਕਾ ਪਾਦੂਕੋਣ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ। ਗੀਤ ਨੂੰ ਸਾਂਝਾ ਕਰਦੇ ਹੋਏ ਰਣਵੀਰ ਨੇ ਲਿਖਿਆ, "ਸ਼ਾਨਦਾਰ ਜਿੱਤ ਲਈ ਤਿਆਰ ਰਹੋ!" ਪ੍ਰਸ਼ੰਸਕ ਤੇ ਕਲਾਕਾਰ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਹਾਲ ਹੀ 'ਚ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਰੁਬਰੂ ਹੋਇਆ ਸੀ, ਜਿਸ ਤੋਂ ਬਾਅਦ ਦਰਸ਼ਕ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਕਾਫੀ ਜ਼ਿਆਦਾ ਉਤਸੁਕ ਹਨ। ਕਬੀਰ ਖ਼ਾਨ ਦੁਆਰਾ ਨਿਰਦੇਸ਼ਤ, '83' 1983 ਦੇ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਰਣਵੀਰ ਤੋਂ ਇਲਾਵਾ ਐਮੀ ਵਿਰਕ, ਹਾਰਡੀ ਸੰਧੂ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਮਹੀਨੇ 24 ਦਸੰਬਰ ਨੂੰ ਰਿਲੀਜ਼ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕੁੜਤੇ-ਚਾਦਰੇ 'ਚ ਹਰਭਜਨ ਮਾਨ ਨੇ ਸਾਂਝੀਆਂ ਕੀਤੀਆਂ ਘਰਵਾਲੀ ਦੀਆਂ ਖ਼ਾਸ ਤਸਵੀਰਾਂ
NEXT STORY