ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ 2 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਦੇ ਪ੍ਰਚਾਰ ਲਈ ਟੀਮ ਇਨ੍ਹੀਂ ਦਿਨੀਂ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰ ਰਹੀ ਹੈ। ਹਾਲ ਹੀ ’ਚ ਫ਼ਿਲਮ ਦੀ ਟੀਮ ਨੇ ‘ਜਗ ਬਾਣੀ’ ਦੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼–
ਸਵਾਲ : ਕੀ ਇਹ ਸੱਚ ਹੈ ਕਿ ਫ਼ਿਲਮ ਦੀ ਕਹਾਣੀ ਕਰਮਜੀਤ ਅਨਮੋਲ ਨੂੰ ਦੇਖ ਕੇ ਲਿਖੀ ਗਈ ਹੈ?
ਗਿੱਪੀ ਗਰੇਵਾਲ : (ਹੱਸਦੇ ਹੋਏ) 100 ਫੀਸਦੀ ਇਹ ਕਹਾਣੀ ਕਰਮਜੀਤ ਅਨਮੋਲ ’ਤੇ ਆਧਾਰਿਤ ਨਹੀਂ ਹੈ। ਕੋਈ ਵੀ ਬਾਇਓਪਿਕ ਜਦੋਂ ਬਣਦੀ ਹੈ ਤਾਂ ਉਸ ’ਚ ਕਾਫੀ ਬਦਲਾਅ ਕੀਤੇ ਜਾਂਦੇ ਹਨ। ਮੋਟਾ-ਮੋਟਾ ਮੁੱਦਾ ਕਿ ਵਿਆਹ ਤੋਂ ਬਾਅਦ ਫੇਸਬੁੱਕ ’ਤੇ ਆਸ਼ਕੀਆਂ ਮਾਰਨੀਆਂ, ਇਹ ਕਰਮਜੀਤ ਅਨਮੋਲ ਨਾਲ ਰਿਲੇਟ ਕਰਦਾ ਹੈ। ਮੈਂ ਆਪਣੇ ਕਿਰਦਾਰ ਦੀ ਪੱਗ ਤੇ ਲੁੱਕ ਵੀ ਉਸ ਤਰ੍ਹਾਂ ਦੀ ਰੱਖੀ ਹੈ, ਜਿਸ ਤਰ੍ਹਾਂ ਕਰਮਜੀਤ ਅਨਮੋਲ ਪਹਿਲਾਂ ਦਿਸਦਾ ਸੀ।
ਸਵਾਲ : ਕਾਮੇਡੀ ਫ਼ਿਲਮ ਰਾਹੀਂ ਤੁਸੀਂ ਇਕ ਗੰਭੀਰ ਮੁੱਦਾ ਚੁੱਕਿਆ ਹੈ। ਕੀ ਕਹੋਗੇ ਇਸ ਬਾਰੇ?
ਗਿੱਪੀ ਗਰੇਵਾਲ : ਅੱਜ ਦੀ ਤਾਰੀਖ਼ ’ਚ ਤੁਸੀਂ ਜਿਹੜਾ ਮਰਜ਼ੀ ਘਰ ਦੇਖ ਲਓ, ਫੋਨਾਂ ਨੇ ਘਰ ਪੱਟੇ ਹੋਏ ਹਨ। ਹੌਲੀ-ਹੌਲੀ ਸੋਸ਼ਲ ਮੀਡੀਆ ਕਰਕੇ ਘਰਾਂ ’ਚ ਜੋ ਰਿਸ਼ਤੇ ਹਨ, ਉਨ੍ਹਾਂ ’ਚ ਦਰਾਰਾਂ ਪੈਂਦੀਆਂ ਜਾ ਰਹੀਆਂ ਹਨ। ਗੱਲਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਕਿਤੇ ਨਾ ਕਿਤੇ ਤੁਹਾਨੂੰ ਤੋੜਦਾ ਹੈ। ਇਹੀ ਚੀਜ਼ ਅਸੀਂ ਕਾਮੇਡੀ ਦੇ ਰੂਪ ’ਚ ਹਰ ਇਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਸਵਾਲ : ਫ਼ਿਲਮ ’ਚ ਇਕੱਲਾ ਮੁੰਡੇ ਦਾ ਪੱਖ ਦਿਖਾਇਆ ਗਿਆ ਜਾਂ ਕੁੜੀ ਦਾ ਵੀ?
ਗਿੱਪੀ ਗਰੇਵਾਲ : ਅਸੀਂ ਫ਼ਿਲਮ ’ਚ ਦੋਵੇਂ ਪੱਖ ਪੂਰੇ ਖੋਲ੍ਹੇ ਹਨ। ਸਾਡੀ ਫ਼ਿਲਮ ਉਂਝ ਤਾਂ ਕਾਮੇਡੀ ਹੈ ਪਰ ਜਦੋਂ ਤੁਸੀਂ ਸਿਨੇਮਾਘਰਾਂ ’ਚੋਂ ਬਾਹਰ ਨਿਕਲੋਗੇ ਤਾਂ ਕਾਮੇਡੀ ਨੇ ਨਾਲ ਇਕ ਵਧੀਆ ਸੁਨੇਹਾ ਲੈ ਕੇ ਜਾਓਗੇ ਤੇ ਮੇਰੀਆਂ ਬੈਸਟ ਫ਼ਿਲਮਾਂ ’ਚੋਂ ਇਕ ਇਹ ਫ਼ਿਲਮ ਵੀ ਹੈ। ਅਸੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਰਿਸ਼ਤੇ ’ਚ ਮੁਸ਼ਕਿਲਾਂ ਆਉਂਦੀਆਂ ਕਿਉਂ ਹਨ ਤੇ ਇਸ ਦਾ ਹੱਲ ਕੀ ਹੈ? ਸਿਰਫ ਮੁਸ਼ਕਿਲਾਂ ਨੂੰ ਦਿਖਾਇਆ ਹੀ ਨਹੀਂ ਗਿਆ, ਸਗੋਂ ਉਨ੍ਹਾਂ ਦਾ ਹੱਲ ਵੀ ਦਿੱਤਾ ਗਿਆ ਹੈ।
ਸਵਾਲ : ਤੁਹਾਡਾ ਵੀ ਇਹੀ ਮੰਨਣਾ ਹੈ ਕਿ ਸੋਸ਼ਲ ਮੀਡੀਆ ਰਿਸ਼ਤੇ ’ਚ ਮੁਸ਼ਕਿਲ ਖੜ੍ਹੀਆਂ ਕਰਦਾ ਹੈ?
ਕਰਮਜੀਤ ਅਨਮੋਲ : ਬਿਲਕੁਲ ਇੰਝ ਹੀ ਹੁੰਦਾ ਹੈ। ਕਈ ਵਾਰ ਤੁਸੀਂ ਆਪਣੇ ਘਰ ਦੇ ਜ਼ਰੂਰੀ ਮੁੱਦਿਆਂ ਨੂੰ ਛੱਡ ਕੇ ਸੋਸ਼ਲ ਮੀਡੀਆ ’ਤੇ ਧਿਆਨ ਦਿੰਦੇ ਰਹਿੰਦੇ ਹੋ। ਜੋ ਸਮਾਂ ਤੁਸੀਂ ਪਰਿਵਾਰ ਨੂੰ ਦੇਣਾ ਹੁੰਦਾ ਹੈ, ਉਹ ਤੁਸੀਂ ਆਪਣੇ ਮਨੋਰੰਜਨ ’ਤੇ ਕੱਢ ਦਿੰਦੇ ਹੋ। ਅੱਜ-ਕੱਲ ਘਰਾਂ ’ਚ ਬੱਚਿਆਂ ਦੇ ਖਿਡੌਣੇ ਨਹੀਂ ਦਿਸਦੇ, ਜੇ ਕੋਈ ਬੱਚਾ ਰੋਂਦਾ ਹੈ ਤਾਂ ਉਸ ਨੂੰ ਫੋਨ ਫੜਾ ਦਿੱਤਾ ਜਾਂਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੋਸ਼ਲ ਮੀਡੀਆ ਪਰਿਵਾਰ ਨੂੰ ਇਕ-ਦੂਜੇ ਤੋਂ ਦੂਰ ਕਰ ਰਿਹਾ ਹੈ।
ਸਵਾਲ : ਬੇਅੰਤ ਦੇ ਕਿਰਦਾਰ ’ਚ ਖ਼ੁਦ ਨੂੰ ਕਿਵੇਂ ਢਾਲਿਆ?
ਤਨੂੰ ਗਰੇਵਾਲ : ਮੈਂ ਬੇਸ਼ੱਕ ਵਿਦੇਸ਼ ਰਹਿੰਦੀ ਹਾਂ ਪਰ ਮੇਰਾ ਪਿਛੋਕੜ ਪੰਜਾਬ ਦਾ ਹੈ। ਮੈਂ ਪਿੰਡ ’ਚ ਵੀ ਰਹੀ ਹਾਂ ਤੇ ਪਿੰਡਾਂ ਦੀਆਂ ਕੁੜੀਆਂ ’ਚ ਵੱਖਰੀ ਮਾਸੂਮੀਅਤ ਹੁੰਦੀ ਹੈ। ਮੈਂ ਅਜਿਹੇ ਕਿਰਦਾਰ ਕਾਫੀ ਨੇੜੇ ਤੋਂ ਦੇਖੇ ਹੋਏ ਹਨ। ਫਿਰ ਉਨ੍ਹਾਂ ਕਿਰਦਾਰਾਂ ਨੂੰ ਸੋਚ ’ਚ ਰੱਖਿਆ ਤੇ ਪਰਦੇ ’ਤੇ ਨਿਭਾਇਆ।
ਸਵਾਲ : ਕਦੇ ਇਸ ਤਰ੍ਹਾਂ ਦੀ ਕਹਾਣੀ ਅਸਲ ਜ਼ਿੰਦਗੀ ’ਚ ਵੀ ਦੇਖੀ ਹੈ?
ਗਿੱਪੀ ਗਰੇਵਾਲ : ਕਹਾਣੀ ਸੁਣਾਉਣ ਤੋਂ ਪਹਿਲਾਂ ਮੈਨੂੰ ਨਰੇਸ਼ ਕਥੂਰੀਆ ਨੇ ਇਕ ਖ਼ਬਰ ਭੇਜੀ ਸੀ, ਜਿਸ ’ਚ ਪਤੀ-ਪਤਨੀ ਆਪਸ ’ਚ ਤਿੰਨ ਸਾਲਾਂ ਤਕ ਗਰਲਫਰੈਂਡ-ਬੁਆਏਫਰੈਂਡ ਬਣ ਕੇ ਚੈਟਿੰਗ ਕਰਦੇ ਰਹੇ ਤੇ ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਾ ਕਿ ਉਹ ਆਪਣੇ ਹੀ ਪਤੀ ਤੇ ਪਤਨੀ ਨਾਲ ਗੱਲਬਾਤ ਕਰ ਰਹੇ ਸਨ। ਅਜਿਹੀਆਂ ਕਹਾਣੀਆਂ ਫਿਰ ਬਾਅਦ ’ਚ ਬਹੁਤ ਨਿਕਲ ਕੇ ਸਾਹਮਣੇ ਆਈਆਂ।
ਸਵਾਲ : ਤੁਹਾਨੂੰ ਕਦੇ ਅਸਲ ਜ਼ਿੰਦਗੀ ’ਚ ਉਹ ਕਿਰਦਾਰ ਮਿਲਿਆ, ਜੋ ਰਿਸ਼ਤੇ ’ਚ ਸਲਾਹਾਂ ਦਿੰਦਾ ਹੋਵੇ?
ਤਨੂੰ ਗਰੇਵਾਲ : ਮੇਰੇ ਫਰੈਂਡ ਸਰਕਲ ’ਚ ਮੇਰੇ ਬਚਪਨ ਦੇ ਹੀ ਦੋਸਤ ਹਨ। ਉਨ੍ਹਾਂ ਨੇ ਕਦੇ ਵੀ ਮੈਨੂੰ ਗਲਤ ਸਲਾਹ ਨਹੀਂ ਦਿੱਤੀ ਹੈ। ਰਿਸ਼ਤੇ ਨੂੰ ਲੈ ਕੇ ਵੀ ਉਨ੍ਹਾਂ ਨੇ ਮੇਰਾ ਘਰ ਜੋੜਨ ਦੀ ਹੀ ਕੋਸ਼ਿਸ਼ ਕੀਤੀ ਹੋਵੇਗੀ, ਨਾ ਕਿ ਤੋੜਨ ਦੀ।
ਸਵਾਲ : ਅਸਲ ਜ਼ਿੰਦਗੀ ’ਚ ਸੇਮਾ ਵਰਗਾ ਕਿਰਦਾਰ ਦੇਖਿਆ ਤੁਸੀਂ?
ਕਰਮਜੀਤ ਅਨਮੋਲ : ਮੇਰਾ ਕਿਰਦਾਰ ਯਾਰਾਂ-ਦੋਸਤਾਂ ਦੀ ਹਰ ਕੰਮ ’ਚ ਮਦਦ ਕਰਨ ਵਾਲਾ ਹੈ। ਕਿਹਾ ਜਾ ਸਕਦਾ ਇਸ ਕਿਰਦਾਰ ਨੂੰ ਮੈਂ ਨੇੜੇ ਤੋਂ ਦੇਖਿਆ ਕਿਉਂਕਿ ਕਾਲਜ ਸਮੇਂ ਮੈਂ ਆਪਣੇ ਯਾਰਾਂ-ਦੋਸਤਾਂ ਦੀਆਂ ਚਿੱਠੀਆਂ ਲਿਖਦਾ ਹੁੰਦਾ ਸੀ ਤੇ ਇਸ ਫ਼ਿਲਮ ’ਚ ਮੈਂ ਗਿੱਪੀ ਗਰੇਵਾਲ ਦੀ ਮਦਦ ਕਰ ਰਿਹਾ ਹਾਂ।
ਆਰੀਅਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਭੈਣ ਇਸਾਬੇਲ ਕੈਫ਼ ਨਾਲ ਸ਼ਰੂਤੀ ਨੇ ਕੀਤੀ ਜਨਮਦਿਨ ਦੀ ਪਾਰਟੀ, ਦੇਖੋ ਤਸਵੀਰਾਂ
NEXT STORY