ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਗਾਹਕਾਂ ਨੂੰ 50 ਰੁਪਏ ਤਕ ਦਾ ਟਾਕਟਾਈਮ ਲੋਨ ਦਿੱਤਾ ਜਾ ਰਿਹਾ ਹੈ। ਇਹ ਪੇਸ਼ਕਸ਼ ਬੀ.ਐੱਸ.ਐੱਨ.ਐੱਲ. ਟਾਕਟਾਈਮ ਲੋਨ ਨਾਲ ਆਉਂਦੀ ਹੈ। ਕੰਪਨੀ ਇਹ ਪੇਸ਼ਕਸ਼ ਅਜਿਹੇ ਸਮੇਂ ਲਿਆਈ ਹੈ ਜਦੋਂ ਕੁਝ ਗਾਹਕ ਆਪਣੇ ਕੋਲ ਕੈਸ਼ ਨਾ ਹੋਣ ਦੇ ਚਲਦੇ ਰੀਚਾਰਜ ਨਹੀਂ ਕਰਵਾ ਪਾ ਰਹੇ। ਇਸ ਤੋਂ ਇਲਾਵਾ ਤਾਲਾਬੰਦੀ ਦਾ ਅਸਰ ਵੀ ਪਿਆ ਹੈ ਅਤੇ ਬਾਕੀ ਟੈਲੀਕਾਮ ਆਪਰੇਟਰਾਂ ਵਲੋਂ ਵੀ ਗਾਹਕਾਂ ਨੂੰ ਰਾਹਤ ਦਿੱਤੀ ਗਈ ਹੈ।
ਬੀ.ਐੱਸ.ਐੱਨ.ਐੱਲ. ਅਜਿਹੇ ਗਾਹਕਾਂ ਲਈ ਲੋਨ ਦੀ ਪੇਸ਼ਕਸ਼ ਲੈ ਕੇ ਆਈ ਹੈ ਜੋ ਅਜੇ ਕਿਸੇ ਕਾਰਨ ਆਪਣੇ ਨੰਬਰ ’ਤੇ ਰੀਚਾਰਜ ਨਹੀਂ ਕਰਵਾ ਸਕਦੇ। OnlyTech ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਵਲੋਂ ਬਿਨ੍ਹਾਂ ਰੀਚਾਰਜ ਕਰਵਾਏ ਗਾਹਕਾਂ ਨੂੰ 50 ਰੁਪਏ ਤਕ ਦਾ ਲੋਨ ਇਸ ਪੇਸ਼ਕਸ਼ ਤਹਿਤ ਦਿੱਤਾ ਜਾ ਰਿਹਾ ਹੈ। ਗਾਹਕਾਂ ਨੂੰ ਇਸ ਤਰ੍ਹਾਂ ਵੱਖ-ਵੱਖ ਟਾਕਟਾਈਮ ਲੋਨ ਪੇਸ਼ਕਸ਼- 10 ਰੁਪਏ, 20 ਰੁਪਏ, 30 ਰੁਪਏ ਅਤੇ 50 ਰੁਪਏ ਕੀਮਤ ਦੇ ਮਿਲ ਰਹੇ ਹਨ। ਇਨ੍ਹਾਂ ਪਲਾਨਸ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ USSD ਕੋਡ ਡਾਇਲ ਕਰਨਾ ਹੋਵੇਗਾ।
ਇੰਝ ਮਿਲੇਗਾ ਫਾਇਦਾ
ਲੋਨ ਆਫਰ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਆਪਣੇ ਫੋਨ ਤੋਂ *511*7# ਡਾਇਲ ਕਰਨਾ ਹੋਵੇਗਾ ਅਤੇ ਇਹ ਕੋਡ ਡਾਇਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰੋਮਪਟ ਵਿਖਾਈ ਦੇਵੇਗਾ, ਜਿਥੇ ਗਾਹਕ ਚੁਣ ਸਕਣਗੇ ਕਿ ਉਨ੍ਹਾਂ ਨੂੰ ਕਿੰਨੀ ਕੀਮਤ ਦਾ ਲੋਨ ਚਾਹੀਦਾ ਹੈ। ਕੀਮਤ ਸਿਲੈਕਟ ਕਰਨ ਤੋਂ ਬਾਅਦ ਗਾਹਕਾਂ ਨੂੰ 'Send' ਬਟਨ ’ਤੇ ਟੈਪ ਕਰਨਾ ਹੋਵੇਗਾ ਅਤੇ ਗਾਹਕ 'Check my points' ਆਪਸ਼ਨ ਵੀ ਸਿਲੈਕਟ ਕਰ ਸਕਦੇ ਹਨ। ਇਸ ਟਾਕਟਾਈਮ ਲੋਨ ਪਲਾਨਸ ਦੀ ਬਾਕੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਬਾਅਦ ’ਚ ਕਰਨਾ ਹੋਵੇਗਾ ਭੁਗਤਾਨ
ਕੰਪਨੀ ਵਲੋਂ ਸਾਲ 2016 ’ਚ ਵੀ ਅਜਿਹਾ ਹੀ ਪਲਾਨ ਗਾਹਕਾਂ ਨੂੰ ਦਿੱਤਾ ਗਿਆ ਸੀ। ਉਦੋਂ ਗਾਹਕ 10 ਰੁਪਏ ਦਾ ਲੋਨ ਐੱਸ.ਐੱਮ.ਐੱਸ. ਦੀ ਮਦਦ ਨਾਲ ਲੈ ਸਕਦੇ ਸਨ। ਇਸ ਤੋਂ ਬਾਅਦ ਰੀਚਾਰਜ ’ਚੋਂ 11 ਰੁਪਏ ਇਸ ਲੋਨ ਦੇ ਬਦਲੇ ਕੱਟ ਜਾਂਦੇ ਸਨ। ਮੰਨਿਆ ਜਾ ਰਿਹਾ ਹੈ ਕਿ ਨਵੀਂ ਲੋਨ ਪੇਸ਼ਕਸ਼ ’ਚ ਵੀ ਇਸੇ ਤਰਜ ’ਤੇ ਗਾਹਕਾਂ ਨੂੰ ਭੁਗਤਾਨ ਕਰਨਾ ਹੋਵੇਗਾ। ਗਾਹਕਾਂ ਨੂੰ ਲੋਨ ਲੈਣ ਦਾ ਆਪਸ਼ਨ ਮਿਲ ਰਿਹਾ ਹੈ ਪਰ ਅਜੇ ਤਕ ਸਾਫ਼ ਨਹੀਂ ਹੈ ਕਿ ਬਾਅਦ ’ਚ ਗਾਹਕਾਂ ਨੂੰ ਕਿੰਨੀ ਕੀਮਤ ਦੇ ਲੋਨ ਦੇ ਬਦਲੇ ਕਿੰਨਾ ਭੁਗਤਾਨ ਦੇਣਾ ਪਵੇਗਾ।
ਨੈੱਟਫਲਿਕਸ ਦੇ ਸੀ. ਈ. ਓ. ਇਨ੍ਹਾਂ ਵਿਦਿਆਰਥੀਆਂ ਨੂੰ ਦੇਣਗੇ 12 ਕਰੋੜ ਡਾਲਰ ਦਾ ਦਾਨ
NEXT STORY