ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਹਾਈਵੋਲਟੇਜ ਤਾਰਾਂ ਤੋਂ ਲੱਗੇ ਕਰੰਟ ਨਾਲ ਝੁਲਸੇ ਵਿਅਕਤੀ ਦੇ ਦੋਵੇਂ ਹੱਥ ਇਲਾਜ ਦੌਰਾਨ ਕੱਟੇ ਜਾਣ ’ਤੇ ਪੁਲਸ ਵਲੋਂ ਥਾਣਾ ਰੰਗੜ ਨੰਗਲ ਵਿਖੇ ਪਿਉ-ਪੁੱਤ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਤਾਰਾਚੱਕ ਨੇ ਲਿਖਵਾਇਆ ਹੈ ਕਿ ਬੀਤੀ 13 ਜੁਲਾਈ ਨੂੰ ਸਵੇਰੇ 10 ਵਜੇ ਉਹ ਤੇਜਬੀਰ ਸਿੰਘ ਉਰਫ ਸ਼ੇਰਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਥਰੀਏਵਾਲ ਦੇ ਘਰ ਉਪਰਲੀ ਮੰਜ਼ਿਲ ’ਤੇ ਵਾਟਰ ਟੈਂਕੀ ਦੀ ਲੋਹੇ ਵਾਲੀ ਪਾਈਪ ਖੋਲ੍ਹਣ ਲਈ ਗਿਆ ਸੀ ਤਾਂ ਮੈਂ ਉਕਤ ਵਿਅਕਤੀ ਤੇ ਇਸਦੇ ਪਿਤਾ ਸਤਨਾਮ ਸਿੰਘ ਪੁੱਤਰ ਚੰਨਣ ਸਿੰਘ ਨੂੰ ਕਿਹਾ ਕਿ ਤੁਸੀਂ ਬਿਜਲੀ ਬੋਰਡ ਮਹਿਕਮੇ ਕੋਲੋਂ ਇਜ਼ਾਜ਼ਤ ਲੈ ਕੇ ਬਿਜਲੀ ਬੰਦ ਕਰਵਾਈ ਹੈ, ਜਿਸ ’ਤੇ ਉਕਤ ਵਿਅਕਤੀਆਂ ਨੇ ਕਿਹਾ ਕਿ ਅਸੀਂ ਇਜ਼ਾਜ਼ਤ ਲੈ ਲਈ ਹੈ ਤੇ ਬੱਤੀ ਬੰਦ ਹੈ ਤੇ ਤੁਸੀਂ ਵਾਟਰ ਟੈਂਕੀ ਦੇ ਲੋਹੇ ਦੇ ਪਾਈਪ ਨੂੰ ਖੋਲ੍ਹੋ।
ਉਕਤ ਬਿਆਨਕਰਤਾ ਰਵਿੰਦਰ ਸਿੰਘ ਮੁਤਾਬਕ ਇਸਦੇ ਬਾਅਦ ਜਦੋਂ ਮੈਂ ਪਾਈਪ ਖੋਲ੍ਹ ਕੇ ਉੱਪਰ ਨੂੰ ਚੁੱਕਿਆ ਤਾਂ ਲੋਹੇ ਵਾਲਾ ਪਾਈਪ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ, ਜਿਥੋਂ ਮੈਨੂੰ ਕਰੰਟ ਲੱਗਣ ਨਾਲ ਜਿਥੇ ਮੇਰੇ ਦੋਵੇਂ ਹੱਥ ਝੁਲਸ ਗਏ, ਉਥੇ ਮੇਰੀ ਪਿੱਠ ਤੇ ਲੱਤਾਂ ਨੂੰ ਅੱਗ ਲੱਗ ਗਈ ਤੇ ਮੈਂ ਬੁਰੀ ਤਰ੍ਹਾਂ ਝੁਲਸ ਗਿਆ। ਰੌਲਾ ਪੈਣ ’ਤੇ ਪਿੰਡ ਦੇ ਕਿਸੇ ਵਿਅਕਤੀ ਨੇ ਬਿਜਲੀ ਦਾ ਸਵਿੱਚ ਕੱਟ ਦਿੱਤਾ ਅਤੇ ਮੈਨੂੰ ਝੁਲਸੇ ਹੋਏ ਨੂੰ ਮੇਰੇ ਭਰਾ ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ, ਜਿਥੇ ਡਾਕਟਰ ਵਲੋਂ ਮੇਰੇ ਦੋਵੇਂ ਹੱਥ ਜ਼ਿਆਦਾ ਸੜ ਜਾਣ ਕਰਕੇ ਇਲਾਜ ਦੌਰਾਨ ਕੱਟ ਦਿੱਤੇ ਗਏ। ਉਕਤ ਬਿਆਨਕਰਤਾ ਮੁਤਾਬਕ ਤੇਜਬੀਰ ਸਿੰਘ ਉਰਫ ਸ਼ਰਾ ਤੇ ਇਸਦੇ ਪਿਤਾ ਸਤਨਾਮ ਸਿੰਘ ਨੂੰ ਪਤਾ ਸੀ ਕਿ ਬਿਜਲੀ ਦੀਆਂ ਤਾਰਾਂ ਵਿਚ ਬੱਤੀ ਆ ਰਹੀ ਹੈ ਅਤੇ ਇਹ ਜਾਣਦੇ ਹੋਏ ਵੀ ਮੈਨੂੰ ਪਾਣੀ ਵਾਲੀ ਟੈਂਕੀ ਦਾ ਲੋਹੇ ਵਾਲਾ ਪਾਈਪ ਖੋਲ੍ਹਣ ਲਈ ਕਿਹਾ ਗਿਆ ਅਤੇ ਇਨ੍ਹਾਂ ਦੀ ਵਜ੍ਹਾ ਨਾਲ ਹੀ ਮੈਨੂੰ ਕਰੰਟ ਲੱਗਾ ਹੈ। ਤਫਤੀਸ਼ੀ ਅਫਸਰ ਏ.ਐੱਸ. ਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਰੰਗੜ ਨੰਗਲ ਵਿਖੇ ਉਕਤ ਪਿਉ-ਪੁੱਤ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਉਕਤ ਬਿਆਨਕਰਤਾ ਦੇ ਬਿਆਨ ’ਤੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਸਵੱਛ ਸਰਵੇਖਣ 2024-25 ਦੀ ਸੂਚੀ ’ਚ ਗੁਰਦਾਸਪੁਰ ਸ਼ਹਿਰ ਸਭ ਤੋਂ ਹੇਠਲੇ ਦਰਜੇ ’ਤੇ ਆਇਆ
NEXT STORY