ਹੈਲਥ ਡੈਸਕ- ਰੋਜ਼ਾਨਾ ਤੁਰਦੇ ਹੋਏ, ਉੱਠਦੇ ਹੋਏ ਜਾਂ ਝੁਕ ਕੇ ਖੜ੍ਹੇ ਹੁੰਦੇ ਸਮੇਂ ਕਈ ਵਾਰ ਕੁਝ ਸਕਿੰਟ ਲਈ ਅੱਖਾਂ ਅੱਗੇ ਹਨ੍ਹੇਰਾ ਛਾ ਜਾਣਾ ਜਾਂ ਸਭ ਕੁਝ ਧੁੰਦਲਾ ਹੋ ਜਾਣਾ ਆਮ ਗੱਲ ਲੱਗ ਸਕਦੀ ਹੈ, ਪਰ ਮਾਹਿਰਾਂ ਦੇ ਅਨੁਸਾਰ ਇਹ ਇਕ ਵੱਡੇ ਸਿਹਤ ਸੰਕੇਤ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਅਕਸਰ ਕੁਝ ਪਲਾਂ 'ਚ ਸਭ ਕੁਝ ਨਾਰਮਲ ਹੋ ਜਾਂਦਾ ਹੈ, ਪਰ ਇਸ ਲੱਛਣ ਨੂੰ ਨਜ਼ਰਅੰਦਾਜ ਕਰਨਾ ਠੀਕ ਨਹੀਂ।
ਕਿਉਂ ਛਾ ਜਾਂਦਾ ਹੈ ਅਚਾਨਕ ਹਨ੍ਹੇਰਾ?
ਮਾਹਿਰਾਂ ਅਨੁਸਾਰ, ਇਸ ਦੇ ਪਿੱਛੇ ਕਈ ਕਾਰਣ ਹੋ ਸਕਦੇ ਹਨ। ਸਭ ਤੋਂ ਆਮ ਕਾਰਣ ਆਰਥੋਸਟੈਟਿਕ ਹਾਈਪੋਟੈਨਸ਼ਨ ਹੈ। ਜਦੋਂ ਕੋਈ ਲੰਮੇ ਸਮੇਂ ਤੱਕ ਬੈਠਾ ਜਾਂ ਲੇਟਿਆ ਰਹੇ ਅਤੇ ਫਿਰ ਅਚਾਨਕ ਖੜ੍ਹੇ ਹੋ ਜਾਵੇ, ਤਾਂ ਬਲੱਡ ਪ੍ਰੈਸ਼ਰ ਤੁਰੰਤ ਸੰਤੁਲਿਤ ਨਹੀਂ ਹੁੰਦਾ, ਜਿਸ ਨਾਲ ਦਿਮਾਗ ਤੱਕ ਖੂਨ ਦੀ ਸਪਲਾਈ ਕੁਝ ਪਲਾਂ ਲਈ ਘੱਟ ਹੋ ਜਾਂਦੀ ਹੈ। ਨਤੀਜੇ ਵਜੋਂ ਅੱਖਾਂ ਅੱਗੇ ਹਨ੍ਹੇਰਾ, ਚੱਕਰ ਜਾਂ ਸਿਰ ਘੁੰਮਣਾ ਮਹਿਸੂਸ ਹੁੰਦਾ ਹੈ।
ਗਰਮੀ, ਡੀਹਾਈਡ੍ਰੇਸ਼ਨ ਅਤੇ ਥਕਾਵਟ ਨਾਲ ਇਹ ਹਾਲਤ ਹੋਰ ਵੱਧ ਹੁੰਦੀ ਹੈ। ਇਸ ਤੋਂ ਬਚਣ ਲਈ ਅਚਾਨਕ ਖੜ੍ਹੇ ਹੋਣ ਦੀ ਬਜਾਏ ਹੌਲੀ-ਹੌਲੀ ਉੱਠਣ ਅਤੇ ਡੂੰਘੇ ਸਾਹ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਮਾਈਗ੍ਰੇਨ ਵੀ ਬਣ ਸਕਦਾ ਹੈ ਕਾਰਣ
ਮਾਈਗ੍ਰੇਨ ਦਾ ਦੌਰਾ ਆਉਣ ਤੋਂ ਪਹਿਲਾਂ ਕਈ ਲੋਕਾਂ ਨੂੰ ਅੱਖਾਂ ਅੱਗੇ ਚਮਕੀਲੀਆਂ ਲਕੀਰਾਂ, ਚਮਕ ਜਾਂ ਕੁਝ ਸਕਿੰਟ ਲਈ ਬਲੈਕਆਉਟ ਦਾ ਅਹਿਸਾਸ ਹੁੰਦਾ ਹੈ। ਇਹ ਲੱਛਣ ਕੁਝ ਮਿੰਟਾਂ 'ਚ ਠੀਕ ਹੋ ਜਾਂਦੇ ਹਨ।
ਗੰਭੀਰ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ
ਕੁਝ ਸਥਿਤੀਆਂ 'ਚ ਅਚਾਨਕ ਹਨ੍ਹੇਰਾ ਆਉਣਾ ਟ੍ਰਾਂਜ਼ੀਐਂਟ ਇਸਕੀਮਿਕ ਅਟੈਕ (TIA), ਜਿਸ ਨੂੰ ਮਿਨੀ-ਸਟ੍ਰੋਕ ਵੀ ਕਿਹਾ ਜਾਂਦਾ ਹੈ, ਦਾ ਸੰਕੇਤ ਹੋ ਸਕਦਾ ਹੈ। ਇਸ ਦੌਰਾਨ ਦਿਮਾਗ 'ਚ ਕੁਝ ਸਮੇਂ ਲਈ ਖੂਨ ਦਾ ਪੂਰਾ ਪ੍ਰਵਾਹ ਰੁਕ ਜਾਂਦਾ ਹੈ। ਨਾਲ ਹੀ ਸਰੀਰ ਵਿਚ ਸੁੰਨਪਣ, ਕਮਜ਼ੋਰੀ ਜਾਂ ਬੋਲਣ 'ਚ ਦਿੱਕਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਰੇਟਿਨਲ ਡਿਟੈਚਮੈਂਟ ਵੀ ਇਕ ਖਤਰਨਾਕ ਕਾਰਣ ਹੈ। ਇਸ 'ਚ ਰੈਟਿਨਾ ਆਪਣੀ ਜਗ੍ਹਾ ਤੋਂ ਖਿਸਕਣ ਲੱਗਦੀ ਹੈ, ਅੱਖਾਂ ਅੱਗੇ ਚਮਕ, ਫਲੋਟਰ ਜਾਂ ਕਿਸੇ ਪਾਸੇ ਤੋਂ ਪੜਦਾ ਵਰਗਾ ਲੱਗਦਾ ਹੈ। ਇਹ ਐਮਰਜੈਂਸੀ ਮਾਮਲਾ ਮੰਨਿਆ ਜਾਂਦਾ ਹੈ; ਸਮੇਂ 'ਤੇ ਇਲਾਜ ਨਾ ਮਿਲਣ 'ਤੇ ਦ੍ਰਿਸ਼ਟੀ ਹਮੇਸ਼ਾ ਲਈ ਜਾ ਵੀ ਸਕਦੀ ਹੈ।
ਕਦੋਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ?
- ਜੇ ਅਚਾਨਕ ਹਨ੍ਹੇਰਾ ਵਾਰ-ਵਾਰ ਹੋਵੇ
- ਹੱਥ-ਪੈਰ ਸੁੰਨ ਹੋਣ
- ਬੋਲਣ 'ਚ ਮੁਸ਼ਕਲ ਆਉਣ
- ਅੱਖਾਂ 'ਚ ਚਮਕ ਜਾਂ ਫਲੋਟਰਜ਼ ਦਿਖਣ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਠੰਡ 'ਚ ਕਾਂਬੇ ਨੂੰ ਨਾ ਕਰੋ ਨਜ਼ਰਅੰਦਾਜ਼! ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
NEXT STORY