ਨਵੀਂ ਦਿੱਲੀ- ਬਹੁਤ ਸਾਰੇ ਲੋਕਾਂ ਨੂੰ ਹਰ ਸਮੇਂ ਪੈਰਾਂ ਦੇ ਠੰਡੇ ਰਹਿਣ ਦੀ ਸਮੱਸਿਆ ਹੁੰਦੀ ਹੈ। ਫਿਰ ਭਾਵੇਂ ਉਹ ਕਿੰਨੀ ਦੇਰ ਤੱਕ ਬਿਸਤਰੇ ਵਿੱਚ ਪੈਰਾਂ ਨੂੰ ਢੱਕ ਕੇ ਕਿਉਂ ਨਾ ਰੱਖਣ। ਪੈਰਾਂ ਦਾ ਠੰਡੇ ਹੋਣਾ ਇੱਕ ਆਮ ਸਮੱਸਿਆ ਹੈ। ਇਸ ਦਾ ਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਡੇ ਪੈਰਾਂ ਤੱਕ ਲੋੜੀਂਦੀ ਆਕਸੀਜਨ ਨਹੀਂ ਪਹੁੰਚ ਰਹੀ ਹੈ ਅਤੇ ਨਾ ਹੀ ਖ਼ੂਨ ਦਾ ਸੰਚਾਰ ਸਹੀ ਢੰਗ ਨਾਲ ਹੋ ਰਿਹਾ ਹੈ। ਹਾਲਾਂਕਿ ਕਈ ਵਾਰ ਖ਼ੂਨ ਸੰਚਾਰ ਦੇ ਠੀਕ ਹੋਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਤੁਸੀਂ ਕੁੱਝ ਸੌਖੇ ਘਰੇਲੂ ਉਪਚਾਰਾਂ ਨੂੰ ਅਪਣਾ ਕੇ ਆਪਣੇ ਪੈਰਾਂ ਵਿੱਚ ਖ਼ੂਨ ਦੇ ਸੰਚਾਰ ਨੂੰ ਵਧਾ ਕੇ ਇਨ੍ਹਾਂ ਨੂੰ ਗਰਮ ਰੱਖ ਸਕਦੇ ਹੋ।
ਕੋਸੇ ਤੇਲ ਨਾਲ ਕਰੋ ਮਾਲਿਸ਼
ਜੇਕਰ ਤੁਹਾਡੇ ਪੈਰ ਲਗਾਤਾਰ ਠੰਡੇ ਰਹਿੰਦੇ ਹਨ ਤਾਂ ਤੁਸੀਂ ਇਨ੍ਹਾਂ ਦੀ ਮਾਲਿਸ਼ ਕੋਸੇ ਤੇਲ ਨਾਲ ਕਰ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਇਹ ਮਾਲਿਸ਼ ਕਰੋ ਇਸ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਹੋਵੇਗਾ। ਜੈਤੂਨ ਦਾ ਤੇਲ ਮਾਲਿਸ਼ ਲਈ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਤੁਸੀਂ ਨਾਰੀਅਲ ਅਤੇ ਤਿਲ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ।
ਹਾਈਡ੍ਰੋ ਥੈਰੇਪੀ ਦੇਵੇਗੀ ਰਾਹਤ
ਹਾਈਡ੍ਰੋ ਥੈਰੇਪੀ ਦੁਆਰਾ ਤੁਸੀਂ ਪੈਰਾਂ ਦੇ ਠੰਡੇ ਰਹਿਣ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਇਸ ਥੈਰੇਪੀ 'ਚ ਠੰਡੇ-ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਲਈ ਆਪਣੇ ਪੈਰਾਂ ਨੂੰ ਕੁੱਝ ਮਿੰਟਾਂ ਲਈ ਠੰਡੇ ਪਾਣੀ ਵਿੱਚ ਡੁਬੋ ਕੇ ਰੱਖੋ ਅਤੇ ਇਸ ਤੋਂ ਬਾਅਦ ਪੈਰਾਂ ਨੂੰ ਕੁੱਝ ਮਿੰਟਾਂ ਲਈ ਗਰਮ ਪਾਣੀ ਵਿੱਚ ਡੁਬੋ ਕੇ ਰੱਖੋ। ਇਸ ਪ੍ਰਕਿਰਿਆ ਨੂੰ ਲਗਭਗ 15 ਮਿੰਟ ਲਈ ਦੁਹਰਾਓ। ਬਾਅਦ ਵਿੱਚ ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਜੁਰਾਬਾਂ ਪਾ ਲਓ।
ਕਸਰਤ ਹੈ ਜ਼ਰੂਰੀ
ਪੈਰਾਂ ਵਿੱਚ ਖ਼ੂਨ ਦੇ ਵਧੀਆ ਸੰਚਾਰ/ਸਰਕੁਲੇਸ਼ਨ ਨੂੰ ਬਣਾਈ ਰੱਖਣ ਲਈ ਪੈਰਾਂ ਦੀ ਕਸਰਤ ਕਰੋ ਅਤੇ ਹਰ ਸਵੇਰ ਘਾਹ 'ਤੇ ਨੰਗੇ ਪੈਰ ਤੁਰੋ। ਇਸ ਨਾਲ ਵੀ ਤੁਹਾਨੂੰ ਲਾਭ ਮਿਲੇਗਾ।
ਜ਼ਰੂਰੀ ਹੈ ਪੌਸ਼ਟਿਕ ਖੁਰਾਕ
ਇਸ ਤੋਂ ਇਲਾਵਾ ਪੌਸ਼ਟਿਕ ਖੁਰਾਕ ਵੀ ਲਓ। ਕਈ ਵਾਰ ਆਇਰਨ ਦੀ ਘਾਟ ਕਾਰਨ ਵੀ ਆਕਸੀਜਨ ਸਰੀਰ ਦੇ ਅੰਗਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾਉਂਦੀ ਜਿਸ ਕਰਕੇ ਵੀ ਪੈਰ ਠੰਡੇ ਰਹਿੰਦੇ ਹਨ। ਅਜਿਹੀ ਸਥਿਤੀ 'ਚ ਆਇਰਨ ਦੀ ਘਾਟ ਨੂੰ ਦੂਰ ਕਰਨ ਵਾਲੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਮੌਸਮੀ ਫ਼ਲ ਖਾਓ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਦਾਰਥ ਜਿਵੇਂ ਹਰੀਆਂ ਸਬਜ਼ੀਆਂ ਆਦਿ ਆਪਣੇ ਭੋਜਨ ਵਿੱਚ ਜ਼ਰੂਰ ਲਓ।
ਹੋਰ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਇਸ ਦਾ ਕਾਰਨ
ਕਈ ਵਾਰ ਬਿਹਤਰ ਖੁਰਾਕ ਦਾ ਸਰੀਰ ਤੱਕ ਨਾ ਪਹੁੰਚਣਾ ਵੀ ਇਸ ਸਮੱਸਿਆ ਦਾ ਕਾਰਨ ਹੋ ਸਕਦਾ ਹੈ। ਇਸੇ ਤਰ੍ਹਾਂ ਕੁੱਝ ਹੋਰ ਕਾਰਨ ਵੀ ਹੋ ਸਕਦੇ ਹਨ ਜਿਸ ਦੀ ਵਜ੍ਹਾ ਨਾਲ ਪੈਰ ਲਗਾਤਾਰ ਠੰਡੇ ਰਹਿੰਦੇ ਹਨ। ਖ਼ੂਨ ਦਾ ਸੰਚਾਰ ਸਹੀ ਢੰਗ ਨਾਲ ਨਾ ਹੋਣਾ, ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ, ਲੋਅ ਬਲੱਡ ਪ੍ਰੈਸ਼ਰ ਅਤੇ ਸਰੀਰ ਵਿੱਚ ਖ਼ੂਨ ਦੀ ਘਾਟ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਕਈ ਵਾਰ ਪੈਰਾਂ ਦੇ ਠੰਡੇ ਰਹਿਣ ਦਾ ਕਾਰਨ ਕੁੱਝ ਹੋਰ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਹ ਸਮੱਸਿਆ ਸ਼ੂਗਰ ਆਦਿ ਬਿਮਾਰੀਆਂ ਕਾਰਨ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।
ਲੀਵਰ ਲਈ ਲਾਹੇਵੰਦ ਹੈ ਮੂਲੀ, ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦਿਆਂ ਬਾਰੇ
NEXT STORY