ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਤੋਂ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਾਰੀ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਨਿਮਿਸ਼ਾ ਮਹਿਤਾ ਮਹਿਦੂਦ, ਲਸਾੜਾ, ਰਾਮਪੁਰ ਅਤੇ ਬਿਲੜੋ ਆਦਿ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮੇਂ ਸਿਰ ਚੋਆਂ ਦੀ ਸਫਾਈ ਕਰਵਾ ਦਿੰਦੀ ਤਾਂ ਢਾਡਾ, ਡੰਡੇਵਾਲ, ਸਕਰੋਲੀ, ਬਾਲਦੀ ਵਰਗੇ ਪਿੰਡਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕਦਾ ਸੀ। ਇਸੇ ਤਰ੍ਹਾਂ ਜੇਕਰ ਗੱਜਰ, ਮਹਿਦੂਦ, ਲਸਾੜਾ, ਰਾਮਪੁਰ, ਬਿਲੜੋ ਇਲਾਕਿਆਂ ਦੇ ਜੰਗਲ ਨਾ ਉਜਾੜੇ ਜਾਂਦੇ ਅਤੇ ਇਥੇ ਸਮੇਂ ਸਿਰ ਡੰਗੇ ਲਗਾਏ ਜਾਂਦੇ ਤਾਂ ਇਨ੍ਹਾਂ ਪਿੰਡਾਂ ਨੂੰ ਵੀ ਹੜ੍ਹ ਦੇ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕਦਾ ਸੀ।
ਨਿਮਿਸ਼ਾ ਨੇ ਉਨ੍ਹਾਂ ਘਰਾਂ ਦਾ ਵੀ ਜਾਇਜ਼ਾ ਲਿਆ ਜਿਨ੍ਹਾਂ ਵਿਚ ਹੜ੍ਹ ਦਾ ਪਾਣੀ ਭਰ ਗਿਆ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ। ਇਸ ਮੌਕੇ ਉਨ੍ਹਾਂ ਨੇ ਸਰਕਾਰ ਕੋਲੋਂ ਇਨ੍ਹਾਂ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ। ਪਿੰਡ ਮਹਿਦੂਦ, ਲਸਾੜਾ ਅਤੇ ਗੱਜਰ ਦੇ ਰਸਤਿਆਂ ਦੀ ਬਰਬਾਦੀ ਦੇ ਜਾਇਜ਼ੇ ਦੇ ਨਾਲ-ਨਾਲ ਨਿਮਿਸ਼ਾ ਨੇ ਮਹਿਦਦੂ ਦੇ 50 ਖੇਤਾਂ ਦੀ ਬਰਬਾਦੀ ਦਾ ਜਾਇਜ਼ਾ ਪਿੰਡ ਦੇ ਕਿਸਾਨਾਂ ਨਾਲ ਪੈਦਲ ਖੇਤਾਂ ਵਿਚ ਘੁੰਮ ਕੇ ਲਿਆ। ਇਸ ਮੌਕੇ ਪ੍ਰੈਸ ਨਾਲ ਵਾਰਤਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਆਪਣੇ ਹੜ੍ਹ ਡਿਜਾਜ਼ਟਰ ਦੇ ਮਾਪਦੰਡ ਆਪ ਤੈਅ ਕਰਨ ਦੀ ਛੋਟ ਦਿੱਤੀ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕੰਢੀ ਇਲਾਕੇ ਵਿਚ ਕਿਸਾਨਾਂ ਦੀ ਜ਼ਮੀਨ 'ਤੇ ਲੱਗੇ ਸਫੈਦੇ ਅਤੇ ਪਾਪੂਲਰ ਦੇ ਬੂਟਿਆਂ ਦੀ ਬਰਬਾਦੀ ਦੇ ਨੁਕਸਾਨ ਨੂੰ ਵੀ ਡਿਜਾਜ਼ਟਰ ਦਾ ਹਿੱਸਾ ਬਣਾ ਕੇ ਸਾਡੇ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਵਾਵੇ।
ਉਨ੍ਹਾਂ ਕਿਹਾ ਕਿ ਡੰਗੇ ਨਾ ਲੱਗਣ ਕਰਕੇ ਅਤੇ ਜੰਗਲ ਉਜੜਣ ਕਰਕੇ ਉਹ ਆ ਕੇ ਸਿੱਧੀ ਮਾਰ ਕਰਦਾ ਹੈ। ਜਿਸ ਵਜ੍ਹਾ ਨਾਲ ਰਸਤੇ, ਖੇਤ ਅਤੇ ਪਿੰਡਾਂ ਵਿਚ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਦਿਨ ਤੋਂ ਹੀ ਇਲਾਕੇ ਵਿਚ ਜੰਗਲ ਨਜਾਇਜ਼ ਤਰੀਕੇ ਨਾਲ ਵੱਢੇ ਜਾ ਰਹੇ ਹਨ। ਨਜਾਇਜ਼ ਮਾਈਨਿੰਗ ਸਿਖਰਾਂ 'ਤੇ ਚੱਲ ਰਹੀ ਹੈ ਅਤੇ ਡੰਗਿਆਂ ਅਤੇ ਚੋਆਂ ਦੀ ਸਫਾਈ ਕਿਧਰੇ ਵੀ ਕਰਵਾਈ ਨਹੀਂ ਜਾ ਰਹੀ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਉਹ ਸੱਤਾਧਾਰੀ ਧਿਰ ਦਾ ਹਿੱਸਾ ਸਨ ਤਾਂ ਆਪ ਜ਼ੋਰ ਪਾ ਕੇ ਉਨ੍ਹਾਂ ਨੇ ਕਈ ਚੋਆਂ ਦੀ ਸਫਾਈ ਕਰਵਾਈ ਸੀ, ਜਿਨ੍ਹਾਂ ਵਿਚ ਵਿਸ਼ੇਸ਼ ਕਰਕੇ ਨਰਿਆਲਾ ਚੋਅ ਹੈ, ਜਿਸ ਨੂੰ ਪੈਂਤੀ ਸਾਲ ਤੋਂ ਕਿਸੇ ਨੇ ਵੀ ਸਾਫ ਨਹੀਂ ਕਰਵਾਇਆ ਸੀ, ਪੂਰਾ ਇਲਾਕਾ ਇਸ ਗੱਲ ਦਾ ਗਵਾਹ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਦਿਨ ਤੋਂ ਬਰਸਾਤਾਂ ਸ਼ੁਰੂ ਹੋਈਆਂ ਹਨ ਹਲਕਾ ਵਿਧਾਇਕ ਇੰਝ ਹਲਕੇ ਵਿਚੋਂ ਗਾਇਬ ਹੋਏ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਙ ਗਾਇਬ ਹੁੰਦੇ ਹਨ। ਜਦਕਿ ਮੰਤਰੀ ਜਿੰਨੀ ਤਾਕਤ ਲੈ ਕੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਬਣੇ ਵਿਧਾਇਕ ਨੂੰ ਮਿੰਟੋ ਮਿੰਟੀ ਆਪਣੇ ਪਿੰਡਾਂ ਦੇ ਹੋ ਰਹੇ ਨੁਕਸਾਨ ਤੋਂ ਬਚਾਅ ਲਈ ਆਪ ਆ ਕੇ ਮਜ਼ਬੂਤ ਪ੍ਰਬੰਧ ਕਰਵਾਉਣੇ ਚਾਹੀਦੇ ਸਨ ਪਰ ਉਨ੍ਹਾਂ ਨੇ ਹੜ੍ਹ ਪ੍ਰਭਾਵਤ ਸਾਰੇ ਪਿੰਡਾਂ ਵਿਚ ਗੇੜਾ ਮਾਰਨਾ ਵੀ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮਹਿਮਾਨ ਬਣ ਕੇ ਜੈ ਕ੍ਰਿਸ਼ਨ ਰੌੜੀ ਗੱਜਰ ਪਿੰਡ ਵਿਚ ਆਪਣੀਆਂ ਸਿਫਤਾਂ ਅਤੇ ਆਪਣੀ ਸਰਕਾਰ ਦੇ ਸੋਹਲੇ ਗਾਉਣ ਲਈ ਪਹੁੰਚ ਸਕਦੇ ਸਨ ਤਾਂ ਫਿਰ ਲੋਕਾਂ ਨੂੰ ਜਵਾਬ ਦੇਣ ਇਸੇ ਮੌਸਮ ਦੇ ਚੱਲਦਿਆਂ ਉਹ ਹੜ੍ਹ ਪ੍ਰਭਾਵਤ ਲੋਕਾਂ ਕੋਲ ਕਿਉਂ ਨਹੀਂ ਪਹੁੰਚੇ।
95 ਨਸ਼ੀਲੀਆਂ ਗੋਲੀਆਂ ਸਣੇ 3 ਨੌਜਵਾਨ ਗ੍ਰਿਫਤਾਰ, ਨਸ਼ੀਲਾ ਪਦਾਰਥ ਤੇ 3380 ਰੁਪਏ ਦੀ ਡਰੱਗ ਮਨੀ ਬਰਾਮਦ
NEXT STORY