ਕਰਾਚੀ : ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਅਚਾਨਕ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਕਰਾਚੀ ਵਿੱਚ ਵੀਰਵਾਰ ਸਵੇਰ ਤੋਂ ਹੋਈ ਭਾਰੀ ਬਾਰਿਸ਼ ਕਾਰਨ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਪ੍ਰਸ਼ਾਸਨ ਨੂੰ ਐਮਰਜੈਂਸੀ ਐਲਾਨ ਕਰਨੀ ਪਈ ਹੈ। ਸ਼ਹਿਰ ਵਿੱਚ ਚਾਰ ਘੰਟਿਆਂ ਦੇ ਅੰਦਰ 30 ਤੋਂ 45 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਿਸ ਨਾਲ ਸੜਕਾਂ ਜਲ-ਥਲ ਹੋ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਕੱਲੇ ਕਰਾਚੀ ਵਿੱਚ ਬਿਜਲੀ ਦਾ ਕਰੰਟ ਲੱਗਣ ਅਤੇ ਘਰਾਂ ਦੀਆਂ ਕੰਧਾਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਹਵਾਵਾਂ ਕਾਰਨ ਸਾਈਨ ਬੋਰਡ ਡਿੱਗ ਗਏ ਅਤੇ ਦਰੱਖਤ ਉਖੜ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ।
ਪਾਕਿਸਤਾਨ ਆਫ਼ਤ ਪ੍ਰਬੰਧਨ ਸੈੱਲ ਅਨੁਸਾਰ, ਬਲੂਚਿਸਤਾਨ ਦੇ ਤੁਰਬਤ, ਕੋਹਲੂ, ਕਵੇਟਾ ਅਤੇ ਹੋਰ ਹਿੱਸਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਬਾਰਿਸ਼ ਕਾਰਨ ਇੱਥੇ ਲਗਭਗ 100 ਘਰ ਨੁਕਸਾਨੇ ਗਏ ਹਨ ਅਤੇ 50 ਪਸ਼ੂਆਂ ਦੀ ਮੌਤ ਹੋ ਗਈ ਹੈ। ਇੱਕ ਦਰਦਨਾਕ ਘਟਨਾ ਵਿੱਚ, ਕਿਲਾ ਅਬਦੁੱਲਾ ਇਲਾਕੇ ਵਿੱਚ 15 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਹੜ੍ਹ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਬਚਾਅ ਟੀਮਾਂ ਲਾਪਤਾ ਯਾਤਰੀਆਂ ਅਤੇ ਬੱਸ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
ਮੌਸਮ ਵਿਗਿਆਨ ਵਿਭਾਗ (PMD) ਨੇ ਚਿਤਾਵਨੀ ਦਿੱਤੀ ਹੈ ਕਿ ਵੀਰਵਾਰ ਦੇਰ ਰਾਤ ਕਰਾਚੀ ਵਿੱਚ ਹੋਰ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬੇਲੋੜੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
Uganda ਦੇ ਨਰਸਰੀ ਸਕੂਲ 'ਤੇ ਹਮਲਾ! ਪਰਿਵਾਰਕ ਮੈਂਬਰ ਬਣ ਕੇ ਵੜੇ ਬੰਦੇ ਨੇ 4 ਵਿਦਿਆਰਥੀਆਂ ਨੂੰ ਮਾਰਿਆ ਚਾਕੂ
NEXT STORY