ਲੰਡਨ, (ਰਾਜਵੀਰ ਸਮਰਾ)— ਦੋ ਪੰਜਾਬੀ ਨੌਜਵਾਨਾਂ ਸਣੇ ਚਾਰ ਦੋਸ਼ੀਆਂ ਨੂੰ 15 ਕਿਲੋਗ੍ਰਾਮ ਕੋਕੀਨ ਦੇ ਧੰਦੇ ਤਹਿਤ 32 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਚਾਰਾਂ ਨੂੰ ਪੁਲਿਸ ਨੇ ਟੈਲਫੋਰਡ ਵਿਚ ਕੋ–ਅਪਸਟੋਰ ਦੀ ਕਾਰ ਪਾਰਕ 'ਚ ਉਕਤ ਧੰਦਾ ਕਰਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ । ਬਰਮਿੰਘਮ ਕਰਾਊਨ ਕੋਰਟ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਅਮਨਦੀਪ ਬਿਲਖੂ (23) ਵਾਸੀ ਨੌਰਵੁੱਡ ਗਾਰਡਨਜ਼, ਸਾਊਥਾਲ ਤੇ ਮਨਿੰਦਰ ਸਿੰਘ ਕਰੀਰ (26) ਵਾਸੀ ਲਿਉਨਾਰਡ ਰੋਡ, ਸਾਊਥਾਲ ਨੂੰ ਪੁਲਿਸ ਨੇ ਅਕਤੂਬਰ ਮਹੀਨੇ ਇਕ ਸਟਿੰਗ ਆਪ੍ਰੇਸ਼ਨ ਦੌਰਾਨ ਸਟਰਚਲੀ ਸਥਿਤ ਕੋ–ਅਪਸਟੋਰ ਦੀ ਕਾਰ ਪਾਰਕ ਵਿਚ ਲੀ ਬੇਕਰ (49) ਵਾਸੀ ਚੇਜ ਕਰੌਸ ਰੋਡ, ਰਮਫੋਰਡ ਤੇ ਗੈਰੀ ਮਰਚੈਂਟ (47) ਵਾਸੀ ਬੌਲਬਰੀ ਰੋਡ, ਰਮਫੋਰਡ ਨਾਲ ਵੇਖਿਆ ਸੀ, ਜਿਨ੍ਹਾਂ ਕੋਲੋਂ 15 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ ਸੀ ।
ਇਸ ਗ੍ਰੋਹ ਨੂੰ ਰਾਸ਼ਟਰੀ ਅਪਰਾਧ ਏਜੰਸੀ ਤੇ ਮੈਟਰੋਪੁਲੀਟਨ ਪੁਲਿਸ ਅਫ਼ਸਰਾਂ ਦੀ ਵਿਸ਼ੇਸ਼ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ, ਜਦ ਮਨਿੰਦਰ ਸਿੰਘ ਇਕ ਚਿੱਟੀ ਵੈਨ ਰਾਹੀਂ ਉੱਥੇ ਪਹੁੰਚਿਆ ਸੀ, ਜਿਸ ਤੋਂ ਬਾਅਦ ਅਮਨਦੀਪ ਬਿਲਖੂ ਆਪਣੀ ਔਡੀ ਕਾਰ ਵਿਚ ਆਇਆ ਤੇ ਬਾਅਦ ਵਿਚ ਬੇਕਰ, ਕਰੀਰ ਨਾਲ ਵੈਨ ਦੇ ਪਿੱਛੇ ਗਿਆ ਸੀ ਤੇ ਉੱਥੋਂ ਇਕ ਕਾਲਾ ਬੈਗ ਲੈ ਕੇ ਆਪਣੀ ਕਿਰਾਏ ਦੀ ਕਾਰ ਤੱਕ ਪਹੁੰਚਿਆ। ਜਦ ਪੁਲਸ ਨੇ ਉਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਬੈਗ 'ਚੋਂ 15 ਕਿਲੋਗ੍ਰਾਮ ਕੋਕੀਨ ਮਿਲੀ ਸੀ ਤੇ ਕਈ ਮੋਬਾਈਲ ਵੀ ਬਰਾਮਦ ਹੋਏ ਸਨ । ਬੇਕਰ, ਮਰਚੈਂਟ, ਬਿਲਖੂ ਤੇ ਕਰੀਰ ਨੂੰ 8-8 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਆਮ ਗਰਭ ਰੋਕੂ ਦਵਾਈਆਂ ਨਾਲ ਔਰਤਾਂ 'ਚ ਵਧ ਸਕਦੈ ਇਸ ਇਨਫੈਕਸ਼ਨ ਦਾ ਖਤਰਾ
NEXT STORY