ਢਾਕਾ— ਲਗਾਤਾਰ ਪੈ ਰਹੇ ਮੀਂਹ ਦੀ ਵਜ੍ਹਾ ਨਾਲ ਆਈ ਹੜ੍ਹ ਕਾਰਨ ਬੰਗਲਾਦੇਸ਼ ਵਿਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ ਦਰਜਨ ਭਰ ਜ਼ਿਲਿਆਂ ਵਿਚ ਹਜ਼ਾਰਾਂ ਲੋਕ ਫਸੇ ਹੋਏ ਹਨ । ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ । ਹੁਣ ਮੀਂਹ ਬੰਦ ਹੋ ਚੁੱਕਾ ਹੈ ਪਰ ਊਪਰੀ ਇਲਾਕਿਆਂ ਤੋਂ ਲਗਾਤਾਰ ਪਾਣੀ ਦਾ ਵਹਾਅ ਹੋਣ ਦੀ ਵਜ੍ਹਾ ਨਾਲ ਉੱਤਰੀ ਬੰਗਲਾਦੇਸ਼ ਦੇ ਘੱਟ ਤੋਂ ਘੱਟ 10 ਜ਼ਿਲਿਆਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਢਾਕਾ ਵਿਚ ਆਫਤ ਪ੍ਰਬੰਧਨ ਮੰਤਰਾਲੇ ਦੇ ਇਕ ਬੁਲਾਰੇ ਨੇ ਹੜ੍ਹ ਦੀ ਵਜ੍ਹਾ ਨਾਲ 20 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਵਿਚ ਜ਼ਿਆਦਾਤਰ ਉਤਰ ਪੱਛਮੀ ਖੇਤਰ ਤੋਂ ਹਨ। ਚਿਤਾਵਨੀ ਕੇਂਦਰ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਅਗਸਤ ਦੇ ਅੰਤ ਤੱਕ ਹੋਰ ਜ਼ਿਆਦਾ ਮੀਂਹ ਹੁੰਦਾ ਹੈ ਤਾਂ ਘੱਟ ਤੋਂ ਘੱਟ 25 ਜ਼ਿਲੇ ਹੜ੍ਹ ਨਾਲ ਪ੍ਰਭਾਵਿਤ ਹੋਣਗੇ । ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਦਿਨਾਜਪੁਰ ਵਿਚ ਘੱਟ ਤੋਂ ਘੱਟ 7 ਲੋਕਾਂ ਅਤੇ ਕੁਰੀਗਰਾਮ ਵਿਚ 6 ਹੋਰ ਲੋਕਾਂ ਦੀ ਮੌਤ ਹੋ ਗਈ । ਖਬਰ ਵਿਚ ਦੱਸਿਆ ਗਿਆ ਹੈ ਕਿ ਕੁਰੀਗਰਾਮ ਵਿਚ ਕਰੀਬ 60,000 ਪਰਿਵਾਰ ਅਤੇ ਨੀਲਫਮਰੀ ਵਿਚ ਕਰੀਬ 400 ਪਰਿਵਾਰ ਹੜ੍ਹ ਵਿਚ ਫਸੇ ਹੋਏ ਹਨ । ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 2 ਦਿਨਾਂ ਵਿਚ ਖੇਤਰ ਦੇ ਅੰਦਰੂਨੀ ਇਲਾਕਿਆਂ ਦੇ ਕਈ ਰਸਤਿਆਂ ਵਿਚ ਟਰੇਨ ਸੇਵਾ ਨੂੰ ਰੋਕਿਆ ਗਿਆ ਹੈ, ਕਿਉਂਕਿ ਪਾਣੀ ਰੇਲ ਦੀਆਂ ਪਟੜੀਆਂ ਦੇ ਹੇਠਾਂ ਦੀ ਮਿੱਟੀ ਅਤੇ ਪੱਥਰਾਂ ਨੂੰ ਵਹਾ ਕੇ ਲੈ ਗਿਆ ਹੈ।
ਦੱਸਣਯੋਗ ਹੈ ਕਿ ਬੰਗਲਾਦੇਸ਼ ਵਿਚ ਸਭ ਤੋਂ ਜ਼ਿਆਦਾ ਭਿਆਨਕ ਹੜ੍ਹ ਸਾਲ 1998 ਵਿਚ ਆਈ ਸੀ, ਜਦੋਂ ਇੱਥੇ ਦਾ ਕਰੀਬ 68 ਫੀਸਦੀ ਖੇਤਰ ਜਲਮਗਨ ਹੋ ਗਿਆ ਸੀ । ਹੜ੍ਹ ਨਾਲ ਨਿੱਬੜਨ ਲਈ ਸਰਕਾਰ ਨੇ ਆਫਤ ਪ੍ਰਬੰਧਨ ਅਤੇ ਬਚਾਅ ਕੰਮਾਂ ਨਾਲ ਸਬੰਧਤ ਸਾਰੇ ਅਧਿਕਾਰੀਆਂ ਅਤੇ ਫੀਲਡ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ।
ਹਿੰਸਕ ਰੈਲੀ ਮਗਰੋਂ ਘਬਰਾਏ ਹੋਏ ਹਨ ਭਾਰਤੀ-ਅਮਰੀਕੀ
NEXT STORY