ਕੇਪਟਾਊਨ (ਭਾਸ਼ਾ) : ਦੱਖਣੀ ਅਫ਼ਰੀਕਾ ਵਿਚ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਹਿੱਸਿਆਂ ਵਿਚ ਰਾਸ਼ਟਰੀ ਰਾਜਮਾਰਗਾਂ 'ਤੇ ਜ਼ਰੂਰੀ ਸਾਮਾਨ ਲੈ ਕੇ ਜਾ ਰਹੇ ਘੱਟੋ-ਘੱਟ 21 ਟਰੱਕਾਂ ਨੂੰ ਅੱਗ ਲਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੱਖਣੀ ਅਫ਼ਰੀਕਾ ਦੇ 4 ਸੂਬਿਆਂ ਵਿਚ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਇਨ੍ਹਾਂ ਹਮਲਿਆਂ ਦਾ ਉਦੇਸ਼ ਕੀ ਹੈ। ਪੁਲਸ ਮੰਤਰੀ ਭੇਕੀ ਸੇਲੇ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਪਿੱਛੇ ਦੱਖਣੀ ਅਫ਼ਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦਾ ਇਰਾਦਾ ਹੋ ਸਕਦਾ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਹਮਲਿਆਂ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ, ਪਰ ਪੁਲਸ ਹਮਲਿਆਂ ਦੇ ਸਬੰਧ ਵਿੱਚ ਘੱਟੋ-ਘੱਟ 12 ਲੋਕਾਂ ਦੀ ਤਲਾਸ਼ ਕਰ ਰਹੀ ਹੈ।
ਦੱਖਣੀ ਅਫ਼ਰੀਕਾ ਦੀ ਸਰਕਾਰੀ ਨਿਊਜ਼ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਸੇਲੇ ਨੇ ਕਿਹਾ, “ਇਹ ਇੱਕ ਸੰਗਠਿਤ ਅਤੇ ਸੋਚਿਆ-ਸਮਝਿਆ ਆਪ੍ਰੇਸ਼ਨ ਹੈ।” ਉਸ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਟਰੱਕਾਂ ਨੂੰ ਸਾੜਨ ਦਾ ਸਬੰਧ ਉਸ ਹਿੰਸਾ ਨਾਲ ਹੈ, ਜੋ ਜੁਲਾਈ, 2021 ਦੇ ਪਹਿਲੇ ਹਫ਼ਤੇ ਵਿਚ ਹੋਈ ਸੀ, ਜਦੋਂ 350 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਉਦਯੋਗਾਂ ਨੂੰ ਲੁੱਟਿਆ ਅਤੇ ਸਾੜ ਦਿੱਤਾ ਗਿਆ ਸੀ। ਇਹ ਹਿੰਸਾ ਅਦਾਲਤ ਦਾ ਅਪਮਾਨ ਕਰਨ ਦੇ ਜ਼ੁਰਮ ਵਿਚ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਜੇਲ੍ਹ ਦੀ ਸਜ਼ਾ ਦਿੱਤੇ ਜਾਣ ਖ਼ਿਲਾਫ਼ ਭੜਕੀ ਸੀ।
ਬਰੈਂਪਟਨ ਮੰਦਰ ਨੇ PM ਟਰੂਡੋ ਨੂੰ ਲਿਖੀ ਚਿੱਠੀ, ਖਾਲਿਸਤਾਨ ਪੱਖੀ ਤੱਤਾਂ 'ਤੇ ਕਾਰਵਾਈ ਦੀ ਕੀਤੀ ਮੰਗ
NEXT STORY