ਵੈਨਕੂਵਰ (ਮਲਕੀਤ ਸਿੰਘ) : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕਨੇਡਾ ਦੇ ਸਰੀ ਸ਼ਹਿਰ ਦੀ 128 ਸਟਰੀਟ ਤੇ ਸਥਿਤ ਗੁ. ਦਸ਼ਮੇਸ਼ ਦਰਬਾਰ ਤੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ । ਅੱਜ ਸਵੇਰ ਵੇਲੇ ਗੁ. ਸਾਹਿਬ ਤੋਂ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਇਆ ਅਤੇ ਸ਼ਾਮ ਨੂੰ ਗੁ. ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਸੰਪਨ ਹੋ ਗਿਆ । ਨਗਰ ਕੀਰਤਨ 'ਚ ਸ਼ਾਮਲ ਹੋਈਆਂ ਸੰਗਤਾਂ ਵੱਲੋਂ ਸਜਾਈਆਂ ਗਈਆਂ ਕੇਸਰੀ, ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨਾਲ ਸਮੁੱਚਾ ਮਾਹੌਲ ਖਾਲਸਾਈ ਰੰਗ 'ਚ ਰੰਗਿਆ ਨਜ਼ਰੀ ਆਇਆ । ਇਸ ਦੇ ਨਾਲ ਵੱਖ-ਵੱਖ ਕਾਰੋਬਾਰੀ ਅਦਾਰਿਆਂ ਅਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਨਿਰਧਾਰਿਤ ਥਾਵਾਂ ਤੇ ਵੱਖ-ਵੱਖ ਪਕਵਾਨਾਂ ਦੇ ਅਟੁੱਟ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ । ਨਗਰ ਕੀਰਤਨ ਦੌਰਾਨ ਵੱਖ-ਵੱਖ ਵਾਹਨਾਂ ਅਤੇ ਸੜਕ ਦੇ ਦੁਵੱਲੇ ਪਾਸੇ ਸਜਾਈਆਂ ਗਈਆਂ ਆਰਜੀ ਸਟੇਜਾਂ ਤੋਂ ਵੱਖ-ਵੱਖ ਢਾਡੀ, ਕਵੀਸ਼ਰੀ ਅਤੇ ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ।

ਪ੍ਰਬੰਧਕਾਂ ਵੱਲੋਂ ਸਮੁੱਚੇ ਨਗਰ ਕੀਰਤਨ ਦੇ ਰੂਟ ਅਤੇ ਹੋਰਨਾਂ ਪ੍ਰਬੰਧਾਂ ਨੂੰ ਬੜੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵਿਆਪਕ ਇੰਤਜ਼ਾਮ ਕੀਤੇ ਗਏ ਸਨ,ਜਦਕਿ ਸਥਾਨਕ ਪੁਲਸ ਅਤੇ ਸਰੀ ਸਿਟੀ ਦੇ ਸਾਂਝੇ ਸਹਿਯੋਗ ਨਾਲ ਟ੍ਰੈਫਿਕ ਸੰਬੰਧੀ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਸੀ । ਸਿੱਖ ਸੰਗਤਾਂ ਵੱਲੋਂ ਦੁਨੀਆ ਭਰ 'ਚ ਸਜਾਏ ਜਾਂਦੇ ਵੱਡੇ ਨਗਰ ਕੀਰਤਨਾਂ ਵਿੱਚੋਂ ਸੰਗਤਾਂ ਦੇ ਵੱਡੇ ਇਕੱਠ ਵਜੋਂ ਜਾਣੇ ਜਾਂਦੇ ਇਸ ਮਹਾਨ ਨਗਰ ਕੀਰਤਨ 'ਚ ਤਕਰੀਬਨ 6 ਲੱਖ ਦੇ ਆਸ ਪਾਸ ਸੰਗਤਾਂ ਦੀ ਸ਼ਮੂਲੀਅਤ ਕੀਤੀ ਗਈ । ਇਸ ਨਗਰ ਕੀਰਤਨ 'ਚ ਜਿੱਥੇ ਕਿ ਗੁਆਂਢੀ ਮੁਲਕ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਤੋਂ ਵੀ ਪੁੱਜੀਆਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਸਿੱਖ ਸੰਗਤਾਂ ਤੋਂ ਇਲਾਵਾ ਦੂਸਰੇ ਭਾਈਚਾਰਿਆਂ ਦੇ ਲੋਕ ਵੀ ਇਸ ਨਗਰ ਕੀਰਤਨ ਚ ਹਾਜ਼ਰੀ ਭਰਦੇ ਨਜ਼ਰੀ ਆਏ ।

ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ!
ਨਗਰ ਕੀਰਤਨ ਚ ਸ਼ਾਮਲ ਟਰੈਕਟਰ-ਟਰਾਲੀਆਂ ਟਰੱਕਾਂ,ਜੀਪਾਂ ਅਤੇ ਮੋਟਰ ਸਾਈਕਲਾਂ ਦੇ ਕਾਫਲਿਆਂ ਨਾਲ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸੇ ਧਾਰਮਿਕ ਮੇਲੇ ਵਰਗਾ ਮਾਹੌਲ ਸਿਰਜਿਆ ਨਜ਼ਰ ਆਇਆ । ਇਸ ਮੌਕੇ 'ਤੇ ਸਰੀ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਮੋਟਰਸਾਈਕਲਾਂ ਸਮੇਤ ਕੀਤੀ ਗਈ ਸ਼ਮੂਲੀਅਤ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਮਹਿਸੂਸ ਹੋਈ ।
ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ 'ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ
NEXT STORY