ਐਡੀਲੇਡ (ਕਰਨ ਬਰਾੜ)-ਆਸਟ੍ਰੇਲੀਆ ਸਿੱਖ ਖੇਡਾਂ ਪਿਛਲੇ ਸਾਲ ਕੋਰੋਨਾ ਕਾਰਨ ਨਹੀਂ ਹੋ ਸਕੀਆਂ ਸਨ । ਇਸ ਸਾਲ ਵੀ ਹੋਰਨਾਂ ਕਈ ਖੇਤਰਾਂ ਵਾਂਗ ਕੋਰੋਨਾ ਦਾ ਪਰਛਾਵਾਂ ਇਨ੍ਹਾਂ ਖੇਡਾਂ ’ਤੇ ਪਹਿਲਾਂ ਵਾਂਗ ਹੀ ਕਾਇਮ ਰਿਹਾ। ਇਸੇ ਕਾਰਨ ਖੇਡਾਂ ਕਰਵਾਉਣ ਵਾਲੀ ਨੈਸ਼ਨਲ ਕਮੇਟੀ ਨੇ ਇਹ ਫੈਸਲਾ ਲਿਆ ਕਿ ਕੋਵਿਡ ਕਾਰਨ ਸਿੱਖ ਖੇਡਾਂ ਇਕੋ ਜਗ੍ਹਾ ਵੱਡੇ ਪੱਧਰ ’ਤੇ ਨਾ ਕਰਵਾਈਆਂ ਜਾਣ ਸਗੋਂ ਹਰ ਸੂਬਾ ਆਪੋ-ਆਪਣੇ ਪੱਧਰ ’ਤੇ ਇਨ੍ਹਾਂ ਖੇਡਾਂ ਦਾ ਆਯੋਜਨ ਕਰੇਗਾ। ਇਸੇ ਤਹਿਤ ਐਡੀਲੇਡ ’ਚ ਵੁੱਡਵਿਲ ਹਾਕੀ ਗਰਾਊਂਡ ਵਿਖੇ ਇਕ ਦਿਨ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ’ਚ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਇਨ੍ਹਾਂ ਖੇਡਾਂ ਦਾ ਮਕਸਦ ਛੋਟੇ ਬੱਚਿਆਂ ਦਾ ਉਤਸ਼ਾਹ ਵਧਾਉਣਾ ਸੀ, ਜਿਸ ਕਰਕੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ, ਜਿਸ ’ਚ ਹਾਕੀ, ਫ਼ੁੱਟਬਾਲ, ਐਥਲੈਟਿਕਸ ਆਦਿ ਖੇਡਾਂ ਸ਼ਾਮਲ ਸਨ। ਫ਼ੁੱਟਬਾਲ ’ਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਕਲੱਬ ਅਤੇ ਦੂਜਾ ਪੰਜਾਬੀ ਲਾਈਨ ਕਲੱਬ ਦਾ ਰਿਹਾ । ਵੱਡਿਆਂ ਦੇ ਹਾਕੀ ਮੁਕਾਬਲਿਆਂ ’ਚ ਵੁੱਡਵਿਲ ਹਾਕੀ ਕਲੱਬ ਨੇ ਪਹਿਲਾ ਅਤੇ ਐਡੀਲੇਡ ਸਿੱਖ ਹਾਕੀ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 40 ਸਾਲਾਂ ਦੌੜਾਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਨੈਸ਼ਨਲ ਕਮੇਟੀ ਵੱਲੋਂ ਸਰਬਜੋਤ ਸਿੰਘ, ਸੈਕਟਰੀ ਮਿੰਟੂ ਬਰਾੜ, ਖ਼ਜ਼ਾਨਚੀ ਪਰਦੀਪ ਪਾਂਗਲੀ ਨੇ ਬੋਲਦਿਆਂ ਕਿਹਾ ਕਿ ਸਾਡਾ ਮਕਸਦ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਾ ਸੀ ਤਾਂ ਜੋ ਭਵਿੱਖ ’ਚ ਇਹ ਬੱਚੇ ਆਸਟ੍ਰੇਲੀਆ ਦੀਆਂ ਮੁੱਖ ਖੇਡਾਂ ’ਚ ਆਪਣਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਸਟੇਜ ਦੀ ਜ਼ਿੰਮੇਵਾਰੀ ਸ. ਰਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਨ੍ਹਾਂ ਜੂਨੀਅਰ ਸਿੱਖ ਖੇਡਾਂ ਕਰਵਾਉਣ ’ਚ ਐਡੀਲੇਡ ਸਿੱਖ ਹਾਕੀ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਅਮਰੀਕਾ: ਗ੍ਰੀਨ ਕਾਰਡ ਦੇ ਮਾਮਲੇ 'ਚ ਸੜਕਾਂ 'ਤੇ ਉਤਰੇ ਭਾਰਤੀ-ਅਮਰੀਕੀ ਡਾਕਟਰ
NEXT STORY