ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਭਾਰਤੀ ਸਰਹੱਦ ਦੇ ਨੇੜੇ 2 ਪਾਕਿਸਤਾਨੀ ਛਾਉਣੀਆਂ ਦਾ ਅਚਾਨਕ ਦੌਰਾ ਕੀਤਾ ਅਤੇ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ। ਅਸੀਮ ਮੁਨੀਰ ਦੀ ਫੇਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਗੁਜਰਾਂਵਾਲਾ ਤੇ ਸਿਆਲਕੋਟ ਵਿਚ ਫੀਲਡ ਡ੍ਰਿਲਜ਼ ਅਤੇ ਸਿਮੂਲੇਟਰ ਸਿਖਲਾਈ ਦਾ ਜਾਇਜ਼ਾ ਲਿਆ। ਇਹ ਦੌਰਾ ਪਾਕਿਸਤਾਨ ਦੇ ਅਫਗਾਨਿਸਤਾਨ ਤੇ ਭਾਰਤ ਨਾਲ ਪੈਦਾ ਹੋਏ ਤਣਾਅ ਦੇ ਸਮੇਂ ਹੋਇਆ ਹੈ।
ਅਸੀਮ ਮੁਨੀਰ ਨੇ ਸ਼ਨੀਵਾਰ ਨੂੰ ਗੁਜਰਾਂਵਾਲਾ ਤੇ ਸਿਆਲਕੋਟ ਵਿਚ ਛਾਉਣੀਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਫੌਜੀ ਅਧਿਕਾਰੀਆਂ ਤੇ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਜੰਗੀ ਤਿਆਰੀਆਂ ਦਾ ਨਿਰੀਖਣ ਕੀਤਾ। ਮੁਨੀਰ ਵੱਲੋਂ ਇਹ ਦੌਰਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਅਫਗਾਨਿਸਤਾਨ ਨਾਲ ਜੰਗ ਦੀ ਸਥਿਤੀ ਵਿਚ ਘਿਰਿਆ ਹੋਇਆ ਹੈ। ਪਾਕਿਸਤਾਨ ਭਾਰਤ ਨਾਲ ਵੀ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਸਿੱਟੇ ਵਜੋਂ ਮੁਨੀਰ ਦੇ ਦੌਰੇ ਨੂੰ ਸੰਭਾਵਿਤ ਟਕਰਾਅ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।
ਪਾਕਿ ਫੌਜ ਕਿਸੇ ਵੀ ਸਥਿਤੀ ਲਈ ਤਿਆਰ : ਮੁਨੀਰ
ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੁਨੀਰ ਨੇ ਫੀਲਡ ਸਿਖਲਾਈ ਅਭਿਆਸਾਂ ਅਤੇ ਐਡਵਾਂਸਡ ਸਿਮੂਲੇਟਰ ਸਿਖਲਾਈ ਸਹੂਲਤ ਦਾ ਨਿਰੀਖਣ ਕੀਤਾ। ਮੁਨੀਰ ਨੇ ਉੱਥੇ ਫੌਜਾਂ ਦੇ ਉੱਚ ਪੇਸ਼ੇਵਰ ਮਿਆਰਾਂ ਤੇ ਸਮੁੱਚੀ ਤਿਆਰੀ ਦੀ ਪ੍ਰਸ਼ੰਸਾ ਕੀਤੀ ਅਤੇ ਤਕਨੀਕੀ ਅਨੁਕੂਲਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਫੌਜੀਆਂ ਨਾਲ ਗੱਲਬਾਤ ਕਰਦੇ ਹੋਏ ਮੁਨੀਰ ਨੇ ਕਿਹਾ ਕਿ ਪਾਕਿਸਤਾਨ ਫੌਜ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਲਈ ਤਿਆਰ ਹੈ। ਪਾਕਿਸਤਾਨ ਦਾ ਭਾਰਤ ਜਾਂ ਅਫਗਾਨਿਸਤਾਨ ਨਾਲ ਲੜਨ ਦਾ ਕੋਈ ਇਰਾਦਾ ਨਹੀਂ ਪਰ ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਉਹ ਸਖ਼ਤ ਜਵਾਬ ਦੇਣਗੇ। ਮੁਨੀਰ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਭਾਰਤ ਵਿਰੁੱਧ ਵਾਰ-ਵਾਰ ਜ਼ਹਿਰ ਉਗਲਿਆ ਹੈ।
ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਨੇ ਕਾਰਕੀ ਸਰਕਾਰ ’ਤੇ ਲਾਇਆ ਨਿਸ਼ਾਨਾ, ਭਾਰਤ ’ਤੇ ਵੀ ਕੱਸਿਆ ਵਿਅੰਗ
NEXT STORY