ਰੋਮ (ਦਲਵੀਰ ਸਿੰਘ ਕੈਂਥ) : ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੇ ਜਾਂਦੇ ਪ੍ਰੈੱਸ ਮੀਡੀਆ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਹੁਣ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵਿੱਚ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ 'ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ.) ਇਟਲੀ' ਦੀ ਆਗੂ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪ੍ਰੈੱਸ ਦੀ ਆਜ਼ਾਦੀ ਦਾ ਸਤਿਕਾਰ ਨਾ ਕੀਤਾ, ਤਾਂ ਉਨ੍ਹਾਂ ਨੂੰ ਇਸ ਦਾ ਜਲਦ ਹਰਜਾਨਾ ਭੁਗਤਣਾ ਪਵੇਗਾ।
ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਨੀਤੀ, ਧਰਮ, ਖੇਡਾਂ, ਸਮਾਜ ਸੇਵਾ ਅਤੇ ਵਿਦਿਅਕ ਖੇਤਰ ਦੀ ਪ੍ਰਗਤੀ ਵਿੱਚ ਪ੍ਰੈੱਸ ਦਾ ਅਹਿਮ ਯੋਗਦਾਨ ਹੁੰਦਾ ਹੈ। ਦੁਨੀਆ ਦਾ ਕੋਈ ਵੀ ਦੇਸ਼ ਪ੍ਰੈੱਸ ਮੀਡੀਆ ਨੂੰ ਅਣਦੇਖਿਆ ਕਰਕੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜੋ ਪਾਰਟੀ ਖੁਦ ਮੀਡੀਆ ਦੀ ਬਦੌਲਤ ਸੱਤਾ ਵਿੱਚ ਆਈ, ਅੱਜ ਉਹੀ ਪੰਜਾਬ ਦੇ ਸਿਰਮੌਰ ਅਦਾਰੇ 'ਪੰਜਾਬ ਕੇਸਰੀ' ਅਤੇ 'ਜਗਬਾਣੀ' ਨਾਲ ਆਢਾ ਲਾ ਰਹੀ ਹੈ।
ਸੰਸਥਾ ਨੇ ਦੋਸ਼ ਲਾਇਆ ਕਿ ਪੰਜਾਬ ਦੀ 'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ ਹੈ। ਆਪਣੀ ਨਾਕਾਮੀ ਨੂੰ ਛੁਪਾਉਣ ਲਈ ਮੁੱਖ ਮੰਤਰੀ ਕਦੀ ਧਾਰਮਿਕ ਅਸਥਾਨਾਂ 'ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ ਅਤੇ ਕਦੀ ਗਰੀਬਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਅਦਾਰਿਆਂ ਨੂੰ 'ਹਿਟਲਰਸ਼ਾਹੀ' ਨੀਤੀਆਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ
ਬੀਤੇ ਦਿਨੀਂ ਪੰਜਾਬ ਕੇਸਰੀ ਦੇ ਲੁਧਿਆਣਾ ਦਫ਼ਤਰ ਨੂੰ ਬੰਦ ਕਰਨ ਦੇ 'ਸ਼ਾਹੀ ਫਰਮਾਨ' ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ ਪਰ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰ ਦੇ ਹੁਕਮਾਂ 'ਤੇ ਰੋਕ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਆਗੂਆਂ ਨੇ ਕਿਹਾ ਕਿ 'ਜਗਬਾਣੀ' ਪਿਛਲੇ 5 ਦਹਾਕਿਆਂ ਤੋਂ ਬਿਨਾਂ ਕਿਸੇ ਵਿਤਕਰੇ ਦੇ ਪੰਜਾਬ ਦੇ ਕਿਰਤੀ ਅਤੇ ਗਰੀਬ ਤਬਕੇ ਦੀ ਆਵਾਜ਼ ਬਣਿਆ ਹੋਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਟਲੀ ਦੀ ਇਹ ਸਮਾਜ ਸੇਵੀ ਸੰਸਥਾ ਚੱਟਾਨ ਵਾਂਗ ਅਦਾਰੇ ਦੇ ਨਾਲ ਖੜ੍ਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਤੇਵਰ ਦਰੁਸਤ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
'ਜੇਕਰ ਖਾਮੇਨੇਈ 'ਤੇ ਹਮਲਾ ਹੋਇਆ ਤਾਂ ਹੱਥ ਵੱਢ ਦਿਆਂਗੇ!' ਈਰਾਨ ਦੀ ਟਰੰਪ ਨੂੰ ਸਿੱਧੀ ਧਮਕੀ ਨੇ ਵਧਾਇਆ ਜੰਗ ਦਾ ਖ਼ਤਰਾ
NEXT STORY