ਸਿਡਨੀ (ਸਨੀ ਚਾਂਦਪੁਰੀ): ਖੇਤੀਬਾੜੀ ਕਾਨੂੰਨ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਆਸਟ੍ਰੇਲੀਆ ਵੱਸਦੇ ਭਾਰਤੀਆਂ ਨੇ ਨਾਲ ਹੋਣ ਦਾ ਹੁੰਗਾਰਾ ਦਿੱਤਾ ਹੈ। ਸਿਡਨੀ ਦੇ ਗਲੈਨਵੁੱਡ ਵਿਖੇ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਵਿਸ਼ੇਸ਼ ਇੱਕਠ ਹੋਇਆ। ਖੇਤੀਬਾੜੀ ਵਿਗਿਆਨੀ ਰਵਿੰਦਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਦਿਨੋਂ ਦਿਨ ਢਹਿੰਦੀ ਕਲਾ ਵਿੱਚ ਜਾ ਰਹੀ ਹੈ। ਖੇਤੀ ਪ੍ਰਧਾਨ ਕਹਾਉਣ ਵਾਲਾ ਭਾਰਤ ਇਕ ਦਿਨ ਖ਼ੁਦ ਭੁੱਖਾ ਹੋ ਜਾਵੇਗਾ ਜੇਕਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ।
ਆਗੂ ਅਮਰਿੰਦਰ ਸਿੰਘ ਬਾਜਵਾ ਨੇ ਮੋਦੀ ਸਰਕਾਰ ਨੂੰ ਸੰਬੋਧਨ ਕਰਦੇ ਕਿਹਾ ਕਿ ਬਿੱਲ ਜਾਂ ਆਰਡੀਨੈਂਸ ਕਿਸਾਨਾਂ ਦੇ ਭਲੇ ਲਈ ਹੋਣੇ ਚਾਹੀਦੇ ਹਨ ਨਾ ਕਿ ਸਰਮਾਏਦਾਰਾਂ ਦੀ ਜੇਬ ਭਰਨ ਲਈ। ਗੁਰਚਰਨ ਸਿੰਘ ਸਾਹਨੀ ਨੇ 1955 ਵਿੱਚ ਬਣੇ ਇਸ ਐਕਟ ਦੀਆਂ ਕਾਪੀਆਂ ਸਾਰਿਆਂ ਨੂੰ ਵੰਡੀਆਂ ਤਾਂ ਜੋ ਸੱਚਾਈ ਦਾ ਪਤਾ ਚੱਲ ਸਕੇ। ਦਵਿੰਦਰ ਸਿੰਘ ਧਾਰੀਆ ਨੇ ਕਿਹਾ ਕਿ ਜੇ ਸਰਕਾਰ ਇਸੇ ਤਰ੍ਹਾਂ ਮਨ ਮਰਜ਼ੀ ਕਰਦੀ ਰਹੀ ਤਾਂ ਅੱਸੀ ਦੇ ਦਹਾਕੇ ਵਾਂਗ ਭਾਰਤ ਨੂੰ ਫਿਰ ਅਮਰੀਕਾ ਤੇ ਹੋਰ ਦੇਸ਼ਾਂ ਤੇ ਅਨਾਜ ਲਈ ਨਿਰਭਰ ਹੋਣਾ ਪਵੇਗਾ। ਕੇਵਲ ਸਿੰਘ ਤੇ ਗੁਰਜੰਟ ਸਿੰਘ ਖਹਿਰਾ ਨੇ ਇਸ ਆਰਡੀਨੈਂਸ ਦਾ ਪ੍ਰਭਾਵ ਦੇ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ।
ਕਿਸਾਨਾਂ ਦੀ ਅਸਲ ਕਹਾਣੀ ਤੇ ਕਾਗਜ਼ਾਂ ਦੀ ਕਹਾਣੀ ਸਬੰਧੀ ਗੈਰੀ ਸਿੰਘ ਅਤੇ ਨਵਦੀਪ ਸਿੰਘ ਖਹਿਰਾ ਨੇ ਵਿਸ਼ੇਸ਼ ਵਰਣਨ ਕੀਤਾ। ਹਰਵਿੰਦਰ ਸਿੰਘ ਪਰਮਾਰ, ਸੁਖਚਰਨ ਸਿੰਘ, ਪ੍ਰਿਤਪਾਲ ਸਿੰਘ, ਜਤਿੰਦਰ ਸਿੰਘ ਬੋਪਾਰਾਏ, ਮਨਿੰਦਰਜੀਤ ਸਿੰਘ, ਮਨਦੀਪ ਸਿੰਘ ਤੇ ਹੋਰਾਂ ਨੇ ਪਰਚੇ ਪੜ੍ਹੇ ਅਤੇ ਸਰਕਾਰ ਨੂੰ ਗੁਹਾਰ ਲਗਾਈ ਕਿ ਕਿਸਾਨੀ ਨੂੰ ਮਰਨ ਨਾ ਦਿੱਤਾ ਜਾਵੇ। ਇਸ ਸਬੰਧੀ ਭਾਰਤੀ ਕੰਸਲੇਟ ਚਿੱਠੀ ਭੇਜਣ ਦੀ ਗੱਲ ਵੀ ਕਹੀ।
ਪਾਕਿ ਵਲੋਂ ਅੱਤਵਾਦੀ ਹਾਫਿਜ਼ ਵਿਰੁੱਧ ਕਾਰਵਾਈ ਸਿਰਫ ਨਾਂ ਦੀ : ਮਿਰਜ਼ਾ
NEXT STORY