ਤੇਲ ਅਵੀਵ – ਇਜ਼ਰਾਈਲ ਦੇ ਪ੍ਰਮੁੱਖ ਸ਼ਹਿਰ ਤੇਲ ਅਵੀਵ ਸਮੇਤ ਕਈ ਇਲਾਕਿਆਂ ਵਿਚ ਅੱਜਕੱਲ ਮਧੂ-ਮੱਖੀਆਂ ਦੇ ਵਿਸ਼ਾਲ ਝੁੰਡਾਂ ਨੇ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਅਚਾਨਕ ਆਸਮਾਨ ਵਿਚ ਪ੍ਰਗਟ ਹੋਏ ਇਨ੍ਹਾਂ ਝੁੰਡਾਂ ਕਾਰਨ ਪ੍ਰਸ਼ਾਸਨ ਨੂੰ ਐਮਰਜੈਂਸੀ ਚਿਤਾਵਨੀ ਜਾਰੀ ਕਰਨੀ ਪਈ। ਹਾਲਾਤ ਅਜਿਹੇ ਬਣ ਗਏ ਕਿ ਲੋਕਾਂ ਨੂੰ ਤੁਰੰਤ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ, ਜਦਕਿ ਕੈਫੇ, ਦੁਕਾਨਾਂ ਅਤੇ ਸ਼ਾਪਿੰਗ ਕੰਪਲੈਕਸ ਤਕ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਮਧੂ-ਮੱਖੀਆਂ ਦੇ ਝੁੰਡ ਇਮਾਰਤਾਂ, ਗੱਡੀਆਂ ਅਤੇ ਦੁਕਾਨਾਂ ਦੇ ਬਾਹਰ ਵੱਡੀ ਗਿਣਤੀ ’ਚ ਜਮ੍ਹਾਂ ਨਜ਼ਰ ਆ ਰਹੇ ਹਨ। ਮਧੂ-ਮੱਖੀਆਂ ਦੀ ਤੇਜ਼ ਆਵਾਜ਼ ਕਾਰਨ ਲੋਕ ਘਬਰਾ ਗਏ ਅਤੇ ਸੜਕਾਂ ’ਤੇ ਆਵਾਜਾਈ ਲਗਭਗ ਠੱਪ ਹੋ ਗਈ।
ਆਖਿਰ ਕਿਉਂ ਬਣ ਰਹੇ ਹਨ ਇੰਨੇ ਵੱਡੇ ਝੁੰਡ?
ਮਾਹਿਰਾਂ ਅਨੁਸਾਰ ਮਧੂ-ਮੱਖੀਆਂ ਦਾ ਝੁੰਡ ਬਣਾਉਣਾ ਇਕ ਆਮ ਜੈਵਿਕ ਪ੍ਰਕਿਰਿਆ ਹੈ, ਜਿਸ ਨੂੰ ‘ਸਵਾਰਮਿੰਗ’ ਕਿਹਾ ਜਾਂਦਾ ਹੈ। ਇਸ ਦੌਰਾਨ ਇਕ ਕਾਲੋਨੀ ਨਵੀਂ ਰਾਣੀ ਮਧੂ-ਮੱਖੀ ਦੇ ਨਾਲ ਨਵੀਂ ਥਾਂ ਵਸਣ ਲਈ ਨਿਕਲਦੀ ਹੈ। ਹਾਲਾਂਕਿ, ਇੰਨੀ ਵੱਡੀ ਗਿਣਤੀ ਵਿਚ ਅਤੇ ਸ਼ਹਿਰੀ ਇਲਾਕਿਆਂ ’ਚ ਅਜਿਹਾ ਦ੍ਰਿਸ਼ ਅਸਾਧਾਰਨ ਮੰਨਿਆ ਜਾ ਰਿਹਾ ਹੈ। ਇਸ ਦੇ ਪਿੱਛੇ ਮੌਸਮ ਵਿਚ ਬਦਲਾਅ, ਫੁੱਲਾਂ ਦੀ ਕਮੀ ਜਾਂ ਕਿਸੇ ਵੱਡੇ ਛੱਤੇ ਦੇ ਨਸ਼ਟ ਹੋਣ ਵਰਗੇ ਕਾਰਨ ਹੋ ਸਕਦੇ ਹਨ।
ਕੁਦਰਤ ਦਾ ਸੰਕੇਤ ਜਾਂ ਚਿਤਾਵਨੀ?
ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਬਹਿਸ ਛਿੜ ਗਈ ਹੈ। ਕੁਝ ਲੋਕ ਇਸ ਨੂੰ ਅਸ਼ੁੱਭ ਸੰਕੇਤ ਮੰਨ ਰਹੇ ਹਨ, ਤਾਂ ਕੁਝ ਇਸ ਨੂੰ ਵਾਤਾਵਰਣ ਦੇ ਅਸੰਤੁਲਨ ਦੀ ਚਿਤਾਵਨੀ ਦੱਸ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਕੁਦਰਤ ਖੁਦ ਆਪਣਾ ਸੰਤੁਲਨ ਬਣਾ ਰਹੀ ਹੈ’, ਜਦਕਿ ਦੂਜੇ ਨੇ ਇਸ ਨੂੰ ਮਨੁੱਖੀ ਗਤੀਵਿਧੀਆਂ ਦੇ ਮਾੜੇ ਪ੍ਰਭਾਵਾਂ ਦਾ ਨਤੀਜਾ ਦੱਸਿਆ।
ਮਧੂ-ਮੱਖੀਆਂ ਦੀ ਸੁਰੱਖਿਆ ’ਤੇ ਜ਼ੋਰ
ਹਾਲਾਂਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਮਧੂ-ਮੱਖੀਆਂ ਵਾਤਾਵਰਣ ਅਤੇ ਖੇਤੀਬਾੜੀ ਲਈ ਬਹੁਤ ਮਹੱਤਵਪੂਰਨ ਹਨ, ਇਸ ਲਈ ਉਨ੍ਹਾਂ ਨੂੰ ਬਚਾਉਣਾ ਪਹਿਲ ਹੋਣੀ ਚਾਹੀਦੀ ਹੈ।
ਅਮਰੀਕੀ ਫੌਜ ਨੇ 12 ਸਾਲਾਂ ਬਾਅਦ ਛੱਡਿਆ ਸੀਰੀਆ, ਜਾਰਡਨ ਪਰਤ ਰਹੇ ਫੌਜੀ
NEXT STORY