ਨਿਊਯਾਰਕ/ ਮੈਡਿਸਟੋ , (ਰਾਜ ਗੋਗਨਾ) – ਬੀਤੇ ਦਿਨ ਅਮਰੀਕੀ ਸਿੱਖ ਆਗੂ ਮੈਨੀ ਗਰੇਵਾਲ ਨੂੰ ਸਟੈਂਸਲਸ ਕਾਉਂਟੀ ( ਕੈਲੀਫੋਰਨੀਆ ) ਦਾ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਥੋਂ ਦੇ ਪਹਿਲੇ ਸੁਪਰਵਾਈਜ਼ਰ ਟੌਮ ਬੇਰੀਹਿਲ ਦੇ ਅਕਾਲ ਚਲਾਣਾ ਕਰਨ ‘ਤੇ ਇਹ ਸੀਟ ਖਾਲੀ ਹੋ ਗਈ ਸੀ।
ਡੈਮੋਕ੍ਰੇਟਿਕ ਪਾਰਟੀ ਨਾਲ ਸੰਬੰਧ ਰੱਖਣ ਵਾਲੇ 41 ਸਾਲਾ ਮੈਨੀ ਗਰੇਵਾਲ ਨੂੰ ਡਿਸਟ੍ਰਿਕ-4 ਸਟੈਂਸਲਸ ਕਾਉਂਟੀ ਦੇ ਅਗਲੇ ਚਾਰ ਸਾਲ ਲਈ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਕੀਤੀ ਗਈ ਹੈ। ਮੈਨੀ ਗਰੇਵਾਲ ਦਾ ਜਨਮ ਕੈਲੀਫੋਰਨੀਆ ਵਿਚ ਹੀ ਹੋਇਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਰਾਜਨੀਤੀ ‘ਚ ਸਰਗਰਮ ਹਨ ਅਤੇ ਸਾਲ 2015 ‘ਚ ਮੈਨੀ ਗਰੇਵਾਲ ਮੋਡੈਸਟੋ ਸਿਟੀ (ਕੈਲੀਫੋਰਨੀਆ) ਦੇ ਕੌਂਸਲ ਮੈਂਬਰ ਚੁਣੇ ਗਏ ਸਨ।
ਇਹ ਵੀ ਪੜ੍ਹੋ-ਬਹਿਰੀਨ ਦੇ 200 ਸਾਲ ਪੁਰਾਣੇ ਮੰਦਰ ’ਚ ਗਏ ਜੈਸ਼ੰਕਰ, ਭਾਰਤੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ਉਨ੍ਹਾਂ ਨੂੰ ਇਸ ਸਿਟੀ ਦਾ ਡਿਪਟੀ ਮੇਅਰ ਬਣਨ ਦਾ ਮੌਕਾ ਵੀ ਮਿਲਿਆ। ਪਿਛਲੀਆਂ ਚੋਣਾਂ ‘ਚ ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਕੈਲੀਫੋਰਨੀਆ ਸਟੇਟ ਅਸੈਂਬਲੀ ਦੀਆਂ ਚੋਣਾਂ ਵੀ ਲੜੀਆਂ ਸਨ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮੈਨੀ ਗਰੇਵਾਲ ਨੇ ਦੱਸਿਆ ਕਿ ਉਸ ਦਾ ਪਰਿਵਾਰ ਤਕਰੀਬਨ 50 ਸਾਲ ਪਹਿਲਾਂ ਉੱਜਵਲ ਭਵਿੱਖ ਲਈ ਪੰਜਾਬ ਤੋਂ ਅਮਰੀਕਾ ਆਇਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਂਮ ਲਈ ਇਹ ਮਾਣ ਵਾਲ ਗੱਲ ਹੈ ਕਿ ਸਿੱਖ ਸਰੂਪ ‘ਚ ਉਨ੍ਹਾਂ ਨੂੰ ਇਸ ਹਲਕੇ ਤੋਂ ਸੁਪਰਵਾਈਜ਼ਰ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮੈਨੀ ਗਰੇਵਾਲ ਨੇ ਕਿਹਾ ਕਿ ਉਹ ਸਟੈਂਸਲਸ ਕਾਉਂਟੀ ਦੀ ਬੇਹਤਰੀ ਲਈ ਪੂਰੀ ਲਗਨ ਨਾਲ ਆਪਣੀ ਸੇਵਾ ਨਿਭਾਉਣਗੇ। ਵੱਖ-ਵੱਖ ਅਮਰੀਕੀ ਆਗੂਆਂ ਨੇ ਵੀ ਮੈਨੀ ਗਰੇਵਾਲ ਦੀ ਇਸ ਨਿਯੁਕਤੀ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਬਹਿਰੀਨ ਦੇ 200 ਸਾਲ ਪੁਰਾਣੇ ਮੰਦਰ ’ਚ ਗਏ ਜੈਸ਼ੰਕਰ, ਭਾਰਤੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
NEXT STORY