ਟੋਰਾਂਟੋ: ਕੈਨੇਡਾ ਵਿਚ ਰੁਜ਼ਗਾਰ ਦੇ ਮੌਕੇ ਵਧ ਰਹੇ ਹਨ। ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਰੌਣਕਾਂ ਪਰਤਦੀਆਂ ਮਹਿਸੂਸ ਹੋਈਆਂ, ਜਦੋਂ ਜੂਨ ਮਹੀਨੇ ਦੌਰਾਨ 83 ਹਜ਼ਾਰ ਨਵੀਆਂ ਨੌਕਰੀਆਂ ਦਿੱਤੇ ਜਾਣ ਦਾ ਅੰਕੜਾ ਸਾਹਮਣੇ ਆਇਆ। ਮੌਜੂਦਾ ਵਰ੍ਹੇ ਦੌਰਾਨ ਪਹਿਲੀ ਵਾਰ ਰੁਜ਼ਗਾਰ ਦੇ ਨਵੇਂ ਮੌਕੇ ਬਣਨ ਦਾ ਅੰਕੜਾ 80 ਹਜ਼ਾਰ ਤੋਂ ਉਤੇ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਸਭ ਤੋਂ ਵੱਧ 76 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 0.1 ਫ਼ੀਸਦੀ ਕਮੀ ਨਾਲ 6.9 ਫ਼ੀਸਦੀ ’ਤੇ ਆ ਗਈ ਪਰ ਨਵੀਆਂ ਨੌਕਰੀਆਂ ਵਿਚੋਂ ਜ਼ਿਆਦਾਤਰ ਪਾਰਟ ਟਾਈਮ ਹੀ ਸਾਬਤ ਹੋਈਆਂ।
ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ
ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਸਾਹਮਣੇ ਆਏ ਜਦਕਿ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟਸ ਵਾਲੇ ਖੇਤਰਾਂ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ। ਆਰ.ਬੀ.ਸੀ. ਦੇ ਇਕੌਨੋਮਿਸਟ ਨੇਥਨ ਜੈਨਜ਼ਨ ਦਾ ਕਹਿਣਾ ਸੀ ਕਿ ਨੌਕਰੀਆਂ ਦੀ ਗਿਣਤੀ ਕਾਰੋਬਾਰੀ ਖੇਤਰ ਵਿਚ ਹਾਂਪੱਖੀ ਮਾਹੌਲ ਵੱਲ ਇਸ਼ਾਰਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਟਰੰਪ ਦਾ ਟੈਰਿਫ਼ ਪਰਛਾਵਾਂ ਹੀ ਭਾਰੂ ਰਿਹਾ। ਦੂਜੇ ਪਾਸੇ ਟਰੰਪ ਵੱਲੋਂ 1 ਅਗਸਤ ਤੋਂ 35 ਫ਼ੀਸਦੀ ਟੈਰਿਫ਼ ਲਾਉਣ ਬਾਰੇ ਕੀਤੇ ਐਲਾਨ ਦਾ ਅਸਰ ਭਵਿੱਖ ਵਿਚ ਹੀ ਸਾਹਮਣੇ ਆ ਸਕੇਗਾ। ਇਸੇ ਦੌਰਾਨ ਕੁਝ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਨੂੰ ਧਿਆਨ ਵਿਚ ਰਖਦਿਆਂ ਕੈਨੇਡੀਅਨ ਰੁਜ਼ਗਾਰ ਖੇਤਰ ਦੇ ਹਾਲਾਤ ਸੁਖਾਵੇਂ ਨਹੀਂ ਮੰਨੇ ਜਾ ਸਕਦੇ ਕਿਉਂਕਿ ਜੂਨ ਮਹੀਨੇ ਦੌਰਾਨ 16 ਲੱਖ ਕਿਰਤੀ ਬੇਰੁਜ਼ਗਾਰ ਰਹੇ। ਪੰਜ ਵਿਚੋਂ ਇਕ ਕੈਨੇਡੀਅਨ 27 ਹਫ਼ਤੇ ਤੋਂ ਰੁਜ਼ਗਾਰ ਦੀ ਭਾਲ ਕਰ ਰਿਹਾ ਹੈ ਅਤੇ ਇਹ ਭਾਲ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ।
ਪੜ੍ਹੋ ਇਹ ਅਹਿਮ ਖ਼ਬਰ-India-Canada ਸਬੰਧਾਂ 'ਚ ਸੁਧਾਰ ਦੀ ਆਸ, ਅਗਲੇ ਹਫ਼ਤੇ ਕਰਨਗੇ ਚਰਚਾ
ਵਿਦਿਆਰਥੀਆਂ ਵਿਚ ਬੇਰੁਜ਼ਗਾਰੀ ਦੀ ਦਰ 17.4 ਫ਼ੀਸਦੀ ਦਰਜ ਕੀਤੀ ਗਈ ਜੋ ਜੂਨ 2024 ਵਿਚ ਦਰਜ 15.8 ਦੇ ਅੰਕੜੇ ਤੋਂ ਵੱਧ ਬਣਦੀ ਹੈ। ਸਾਲ 2009 ਮਗਰੋਂ ਵਿਦਿਆਰਥੀਆਂ ਵਿਚ ਪਹਿਲੀ ਵਾਰ ਜੂਨ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਐਨੀ ਉਪਰ ਗਈ। ਇਸ ਗਿਣਤੀ ਵਿਚ ਮਹਾਂਮਾਰੀ ਵਾਲਾ ਸਮਾਂ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਬੇਰੁਜ਼ਗਾਰਾਂ ਦੀ ਗਿਣਤੀ ਗੈਰਸਾਧਾਰਣ ਤਰੀਕੇ ਨਾਲ ਵਧੀ। ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਵਿਚ ਮੌਜੂਦਾ ਵਰ੍ਹੇ ਦੌਰਾਨ ਸਭ ਤੋਂ ਵੱਧ 50,700 ਫੁੱਲ ਟਾਈਮ ਨੌਕਰੀਆਂ ਪੈਦਾ ਹੋਈਆਂ। ਸੂਬੇ ਦੀ ਕਿਰਤ ਅਤੇ ਆਰਥਿਕ ਵਿਕਾਸ ਮੰਤਰੀ ਡਾਇਨਾ ਗਿਬਸਨ ਨੇ ਸਟੈਟਿਸਟਿਕਸ ਕੈਨੇਡਾ ਦੇ ਇਕ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੁਣੌਤੀਆਂ ਭਰੇ ਮਾਹੌਲ ਦੇ ਬਾਵਜੂਦ ਰੁਜ਼ਗਾਰ ਦੀ ਸਿਰਜਣਾ, ਨਿਵੇਸ਼ ਅਤੇ ਆਰਥਿਕ ਵਿਕਾਸ ਦੇ ਮਾਮਲੇ ਵਿਚ ਬੀ.ਸੀ. ਲਗਾਤਾਰ ਅੱਗੇ ਵਧ ਰਿਹਾ ਹੈ।
ਜੂਨ ਵਿਚ 5 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਅਤੇ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਵਧੇ। ਉਨ੍ਹਾਂ ਦਲੀਲ ਦਿਤੀ ਕਿ ਬੀ.ਸੀ. ਵਿਚ ਬੇਰੁਜ਼ਗਾਰੀ ਦਰ 5.6 ਫ਼ੀਸਦੀ ਹੈ ਜੋ ਕੌਮੀ ਔਸਤ ਤੋਂ ਕਿਤੇ ਘੱਟ ਬਣਦੀ ਹੈ। ਇਸ ਤੋਂ ਇਲਾਵਾ ਬੀ.ਸੀ. ਵਿਚ ਪ੍ਰਤੀ ਘੰਟਾ ਉਜਰਤ ਦਰ 37.62 ਡਾਲਰ ਦਰਜ ਕੀਤੀ ਗਈ ਜੋ ਕੈਨੇਡੀਅਨ ਰਾਜਾਂ ਵਿਚੋਂ ਦੂਜਾ ਸਭ ਤੋਂ ਉਚਾ ਅੰਕੜਾ ਹੈ। ਉਧਰ ਬੈਂਕ ਆਫ਼ ਕੈਨੇਡਾ ਵੱਲੋਂ ਰੁਜ਼ਗਾਰ ਖੇਤਰ ਦੇ ਹਾਂਪੱਖੀ ਅੰਕੜਿਆਂ ਦੇ ਬਾਵਜੂਦ 30 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਆਜ ਦਰਾਂ ਘਟਾਏ ਜਾਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਮਾਹਰਾਂ ਦਾ ਕਹਿਣਾ ਹੈ ਕਿ ਗੁਆਂਢੀ ਮੁਲਕ ਨਾਲ ਕਾਰੋਬਾਰੀ ਖੇਤਰ ਵਿਚ ਚੱਲ ਰਹੀ ਕਸ਼-ਮ-ਕਸ਼ ਦੇ ਮੱਦੇਨਜ਼ਰ ਫ਼ਿਲਹਾਲ ਵਿਆਜ ਦਰਾਂ 2.75 ਫ਼ੀਸਦੀ ਦੇ ਪੱਧਰ ’ਤੇ ਬਰਕਰਾਰ ਰਹਿ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
UK 'ਚ ਭਾਰਤੀ ਭਾਈਚਾਰੇ ਨੂੰ ਲੁੱਟਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ
NEXT STORY