ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਲਗਾਤਾਰ ਵਧ ਰਹੀਆਂ ਗੈਂਗਵਾਰਾਂ ਤੇ ਜਬਰੀ ਵਸੂਲੀ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਸਰੀ ਦੇ ਸਿਵਿਕ ਹੋਟਲ ਵਿਖੇ ਇੱਕ ਜਨਤਕ ਬੈਠਕ ਕੀਤੀ ਗਈ। ਇਸ ਮੀਟਿੰਗ 'ਚ ਸੰਸਦ ਮੈਂਬਰ ਪਰਮ ਬੈਂਸ, ਰਣਦੀਪ ਸਰਾਏ, ਡੌਨ ਡੇਵੀਜ਼, ਐੱਮ.ਐੱਲ.ਏ. ਸਟੀਵ ਕੂਨਰ ਸਣੇ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੀਟਿੰਗ 'ਚ ਚਰਚਾ ਦਾ ਮੁੱਖ ਵਿਸ਼ਾ ਕੈਨੇਡਾ ਵਿੱਚ ਵਧ ਰਹੀ ਜਬਰੀ ਵਸੂਲੀ, ਗੋਲੀਬਾਰੀ ਅਤੇ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਰਹੇ ਤੇ ਇਨ੍ਹਾਂ ਨੂੰ ਘਟਾਉਣ ਤੇ ਬਚਣ ਲਈ ਉਪਾਵਾਂ ਬਾਰੇ ਵੀ ਚਰਚਾ ਕੀਤੀ ਗਈ।
ਪਰ ਇਸ ਬੈਠਕ ਦੌਰਾਨ ਇਕ ਨੌਜਵਾਨ ਵੱਲੋਂ ਸਾਂਸਦ ਸਰਾਏ ਤੋਂ ਇਕ ਤਿੱਖਾ ਸਵਾਲ ਪੁੱਛਿਆ ਗਿਆ, ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਨੌਜਵਾਨ ਨੇ ਸਰਾਏ ਤੋਂ ਇਕ ਸਵਾਲ ਪੁੱਛਿਆ ਕਿ ਕੈਨੇਡਾ 'ਚ ਭਾਰਤ ਦੀ ਸ਼ਹਿ 'ਤੇ ਹੋ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਕੈਨੇਡਾ ਪ੍ਰਸ਼ਾਸਨ ਨੇ ਭਾਰਤ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ ? ਇਸ ਦੇ ਜਵਾਬ 'ਚ ਸਾਂਸਦ ਰਣਦੀਪ ਸਰਾਏ ਨੇ ਕਿਹਾ ਕਿ ਇਹ ਇਕ ਰਾਸ਼ਟਰੀ ਮੁੱਦਾ ਹੈ ਤੇ ਇਸ ਬਾਰੇ ਸਰਕਾਰ ਕਾਨੂੰਨੀ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨੀਂ ਜੀ-7 'ਚ ਵੀ ਪ੍ਰਧਾਨ ਮੰਤਰੀ ਕਾਰਨੀ ਨੇ ਸ਼ਮੂਲੀਅਤ ਕੀਤੀ ਸੀ ਤੇ ਉੱਥੇ ਵੀ ਅੰਤਰਰਾਸ਼ਟਰੀ ਅੱਤਵਾਦ ਦੇ ਮੁੱਦੇ 'ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ।
ਇਸ ਤੋਂ ਬਾਅਦ ਨੌਜਵਾਨ ਨੇ ਦੁਬਾਰਾ ਬੋਲਦੇ ਹੋਏ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਕੈਨੇਡਾ ਸਰਕਾਰ ਨੇ ਅਮਿਤ ਸ਼ਾਹ ਦੇ ਬਿਆਨਾਂ ਅਤੇ ਕੈਨੇਡਾ 'ਚ ਹੋ ਰਹੀਆਂ ਹਿੰਸਕ ਘਟਨਾਵਾਂ ਪਿੱਛੇ ਭਾਰਤ ਨੂੰ ਜਨਤਕ ਤੌਰ 'ਤੇ ਜ਼ਿੰਮੇਵਾਰ ਠਹਿਰਾਉਣ ਲਈ ਕੋਈ ਸਖ਼ਤ ਕਦਮ ਨਹੀਂ ਚੁੱਕਿਆ, ਤਾਂ ਸਾਂਸਦ ਸਰਾਏ ਨੇ ਇਕ ਵਾਰ ਫ਼ਿਰ ਤੋਂ ਦੁਹਰਾਇਆ ਕਿ ਇਸ ਮਾਮਲੇ 'ਚ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਮਾਮਲੇ 'ਚ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ।
ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਕ ਨਵੀਂ ਚਰਚਾ ਛਿੜ ਗਈ ਹੈ। ਲੋਕ ਕਹਿ ਰਹੇ ਹਨ ਕਿ ਇਸ ਬੈਠਕ ਦਾ ਮਕਸਦ ਕੈਨੇਡਾ 'ਚ ਜੁਰਮ ਨੂੰ ਘਟਾਉਣ ਬਾਰੇ ਸੀ, ਨਾ ਕਿ ਭਾਰਤ ਦੇ ਸਿਰ ਇਲਜ਼ਾਮ ਮੜ੍ਹਨਾ। ਲੋਕ ਇੱਥੋਂ ਤੱਕ ਕਹਿਣ ਲੱਗੇ ਹਨ ਕਿ ਇਸ ਬੈਠਕ ਦਾ ਆਯੋਜਨ ਸਿਰਫ਼ ਭਾਰਤ ਖ਼ਿਲਾਫ਼ ਏਜੰਡਾ ਚਲਾਉਣ ਲਈ ਹੀ ਕੀਤਾ ਗਿਆ ਸੀ।
ਓਵਰਡੋਜ਼ ਕਾਰਨ ਮੌਤਾਂ ਦੇ ਮੱਦੇਨਜ਼ਰ BC ਪ੍ਰਸ਼ਾਸਨ ਦੀ ਵੱਡੀ ਪਹਿਲ ! ਸੇਫਟੀ ਅਫ਼ਸਰਾਂ ਨੂੰ ਦਿੱਤੇ ਨਵੇਂ ਉਪਰਕਨ
NEXT STORY