ਬੀਜਿੰਗ (ਬਿਊਰੋ)— ਚੀਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਲਾਈ ਲਾਮਾ ਦੇ ਉਤਰਾਧਿਕਾਰੀ 'ਤੇ ਕੋਈ ਵੀ ਫੈਸਲਾ ਚੀਨ ਦੇ ਅੰਦਰ ਹੋਣਾ ਚਾਹੀਦਾ ਹੈ। ਇਸ ਮੁੱਦੇ 'ਤੇ ਭਾਰਤ ਦੇ ਕਿਸੇ ਤਰ੍ਹਾਂ ਦੇ ਦਖਲ ਦਾ ਅਸਰ ਦੋ-ਪੱਖੀ ਸੰਬੰਧਾਂ 'ਤੇ ਪਵੇਗਾ। ਚੀਨ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਰਾਂ ਦੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਆਪਣੀ ਤਰ੍ਹਾਂ ਦੇ ਪਹਿਲੇ ਦ੍ਰਿੜ੍ਹ ਬਿਆਨ ਵਿਚ ਕਿਹਾ ਗਿਆ ਕਿ ਦਲਾਈ ਲਾਮਾ ਦੇ ਉਤਰਾਧਿਕਾਰੀ ਨੂੰ ਚੀਨ ਦੀ ਸਰਕਾਰ ਦੀ ਮਾਨਤਾ ਮਿਲਣੀ ਚਾਹੀਦੀ ਹੈ ਅਤੇ ਦਲਾਈ ਲਾਮਾ ਦੀ ਚੋਣ ਦੇਸ਼ ਦੇ ਅੰਦਰ 200 ਸਾਲ ਪੁਰਾਣੀ ਇਤਿਹਾਸਿਕ ਪ੍ਰਕਿਰਿਆ ਦੇ ਤਹਿਤ ਹੋਣੀ ਚਾਹੀਦੀ ਹੈ।
ਤਿੱਬਤ ਵਿਚ ਸਹਾਇਕ ਮੰਤਰੀ ਪੱਧਰ ਦੇ ਅਧਿਕਾਰੀ ਵਾਂਗ ਨੇਂਗ ਸ਼ੇਂਗ ਨੇ ਲਹਾਸਾ ਵਿਚ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,''ਦਲਾਈ ਲਾਮਾ ਦੇ ਉਤਰਾਧਿਕਾਰੀ ਦੀ ਚੋਣ ਇਕ ਇਤਿਹਾਸਿਕ, ਧਾਰਮਿਕ ਅਤੇ ਸਿਆਸੀ ਮੁੱਦਾ ਹੈ। ਦਲਾਈ ਲਾਮਾ ਦੇ ਉਤਰਾਧਿਕਾਰੀ ਲਈ ਸਥਾਪਿਤ ਇਤਿਹਾਸਿਕ ਸੰਸਥਾਵਾਂ ਅਤੇ ਰਸਮੀ ਕਾਰਵਾਈਆਂ ਹਨ।'' ਉਨ੍ਹਾਂ ਨੇ ਕਿਹਾ,''ਦਲਾਈ ਲਾਮਾ ਦੇ ਉਤਰਾਧਿਕਾਰੀ 'ਤੇ ਫੈਸਲਾ ਉਨ੍ਹਾਂ ਦੀ ਨਿੱਜੀ ਇੱਛਾ ਜਾਂ ਦੂਜੇ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੇ ਗੁਟਾਂ ਵੱਲੋਂ ਨਹੀਂ ਲਿਆ ਜਾਂਦਾ।''
ਤਿੱਬਤ ਆਟੋਨੋਮਸ ਖੇਤਰ ਦੀ ਸਰਕਾਰ ਵਿਚ ਜਨਰਲ ਸਕੱਤਰ ਵਾਂਗ ਨੇ ਕਿਹਾ,''ਵਰਤਮਾਨ ਦੇ ਦਲਾਈ ਲਾਮਾ ਨੂੰ ਬੀਜਿੰਗ ਨੇ ਮਾਨਤਾ ਦਿੱਤੀ ਸੀ। ਉਨ੍ਹਾਂ ਦੇ ਉਤਰਾਧਿਕਾਰੀ ਦੀ ਖੋਜ ਸੋਨੇ ਦੇ ਪਾਤਰ ਵਿਚ ਡ੍ਰਾ ਕੱਢਣ ਦੀ ਪ੍ਰਕਿਰਿਆ ਦੇ ਤਹਿਤ ਹੀ ਹੋਣੀ ਚਾਹੀਦੀ ਹੈ।'' ਬੀਜਿੰਗ ਵਿਚ ਸਰਕਾਰ ਵੱਲੋਂ ਸੰਚਾਲਿਤ ਪ੍ਰਭਾਵੀ ਥਿੰਕ ਟੈਂਕ 'ਚਾਈਨਾ ਤਿੱਬਤੋਲਾਜੀ ਰਿਸਰਚ ਸੈਂਟਰ ਦੇ ਨਿਦੇਸ਼ਕ ਝਾ ਲਿਊ ਨੇ ਵਾਂਗ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਚੀਨ ਅੰਦਰ ਚੁਣੇ ਗਏ ਅਗਲੇ ਦਲਾਈ ਲਾਮਾ ਨੂੰ ਮਾਨਤਾ ਨਾ ਦੇਣ ਦੇ ਭਾਰਤ ਦੇ ਕਿਸੇ ਤਰ੍ਹਾਂ ਦੇ ਇਨਕਾਰ ਦਾ ਅਸਰ ਦੋ-ਪੱਖੀ ਸੰਬੰਧਾਂ 'ਤੇ ਪਵੇਗਾ।
ਦਲਾਈ ਲਾਮਾ ਦੀ ਉਮਰ 84 ਸਾਲ ਹੈ। ਉਨ੍ਹਾਂ ਦੇ ਉਤਰਾਧਿਕਾਰੀ ਦਾ ਮੁੱਦਾ ਪਿਛਲੇ ਕੁਝ ਸਾਲਾਂ ਵਿਚ ਤੇਜ਼ ਹੋਇਆ ਹੈ। ਗੌਰਤਲਬ ਹੈ ਕਿ ਭਾਰਤ ਦਲਾਈ ਲਾਮਾ ਨੂੰ ਲੈ ਕੇ ਆਪਣੇ ਰਵੱਈਏ 'ਤੇ ਕਾਇਮ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਿਛਲੇ ਸਾਲ ਮਾਰਚ ਵਿਚ ਬ੍ਰੀਫਿੰਗ ਵਿਚ ਕਿਹਾ ਸੀ,''ਦਲਾਈ ਲਾਮਾ 'ਤੇ ਭਾਰਤ ਸਰਕਾਰ ਦਾ ਰਵੱਈਆ ਸਪੱਸ਼ਟ ਅਤੇ ਇਕਸਾਰ ਹੈ। ਉਹ ਮਾਣਯੋਗ ਧਾਰਮਿਕ ਨੇਤਾ ਹਨ। ਭਾਰਤ ਦੇ ਲੋਕ ਉਨ੍ਹਾਂ ਦਾ ਬਹੁਤ ਆਦਰ ਕਰਦੇ ਹਨ। ਭਾਰਤ ਵਿਚ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਧਾਰਮਿਕ ਕੰਮ ਕਾਜ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ।''
ਚੈੱਕ ਗਣਰਾਜ 'ਚ ਵਾਪਰਿਆ ਸੜਕ ਹਾਦਸਾ, 4 ਲੋਕਾਂ ਦੀ ਮੌਤ
NEXT STORY