ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਬੀਤੇ 14 ਮਹੀਨਿਆਂ ਤੋਂ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹੁਣ ਇਸ ਵਾਇਰਸ ਸਬੰਧੀ ਹੋਰ ਵੀ ਚਿੰਤਾਜ਼ਨਕ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਖ਼ਬਰ ਚੀਨ ਤੋਂ ਹੈ, ਜਿੱਥੇ ਆਈਸਕ੍ਰੀਮ ਵਿਚ ਕੋਰੋਨਾ ਵਾਇਰਸ ਮਿਲਿਆ ਹੈ। ਇਹ ਖ਼ਬਰ ਬਿਲਕੁੱਲ ਸੱਚ ਹੈ। ਚੀਨ ਵਿਚ ਆਈਸਕ੍ਰੀਮ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉੱਤਰੀ ਚੀਨ ਵਿਚ ਆਈਸਕ੍ਰੀਮ ਦੇ ਨਮੂਨਿਆਂ 'ਤੇ ਕੋਰੋਨਾ ਵਾਇਰਸ ਦਾ ਪਤਾ ਚੱਲਿਆ ਹੈ, ਜਿਸ ਦੇ ਬਾਅਦ ਅਧਿਕਾਰੀਆਂ ਨੇ ਹਜ਼ਾਰਾਂ ਸੰਭਾਵਿਤ ਉਤਪਾਦਾਂ ਨੂੰ ਜ਼ਬਤ ਕਰ ਲਿਆ ਹੈ। ਰਿਪੋਰਟ ਮੁਤਾਬਕ, ਚੀਨ ਦੇ ਤਿਆਨਜਿਨ ਇਲਾਕੇ ਵਿਚ ਸਥਾਨਕ ਪੱਧਰ 'ਤੇ ਬਣਾਈ ਗਈ ਆਈਸਕ੍ਰੀਮ ਦੇ ਤਿੰਨ ਸੈਂਪਲ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਚਾਈਨਾ ਡੇਲੀ ਦੀ ਰਿਪੋਰਟ ਦੇ ਮੁਤਾਬਕ Tianjin Daqiaodao ਫੂਡ ਕੰਪਨੀ ਨੂੰ 4,836 ਬਕਸਿਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਜਾਣਕਾਰੀ ਮਿਲੀ ਹੈ।
Tianjin Daqiaodao ਫੂਡ ਕੰਪਨੀ ਵਿਚ ਕੰਮ ਕਰਨ ਵਾਲੇ ਕਈ ਕਰਮਚਾਰੀ ਆਈਸਕ੍ਰੀਮ ਦੇ ਇਹਨਾਂ ਡੱਬਿਆਂ ਦੇ ਸੰਪਰਕ ਵਿਚ ਆਏ ਸਨ। ਕੰਪਨੀ ਵਿਚ ਕੰਮ ਕਰਨ ਵਾਲੇ ਸਾਰੇ 1662 ਸਟਾਫ ਮੈਂਬਰਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਨਾਲ ਹੀ ਹੁਣ ਇਹਨਾਂ ਸਾਰਿਆਂ ਦੇ ਕੋਰੋਨਾ ਟੈਸਟ ਕਰਾਏ ਜਾ ਰਹੇ ਹਨ। ਰਾਹਤ ਦੀ ਗੱਲ ਹੈ ਕਿ ਹੁਣ ਤੱਕ 700 ਸਟਾਫ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਤਿਆਨਜਿਨ ਨਗਰਪਾਲਿਕਾਂ ਵੱਲੋਂ Daqiaodao ਕੰਪਨੀ ਦੇ ਸਾਰੇ ਉਤਪਾਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ Daqiaodao ਫੂਡ ਕੰਪਨੀ ਨੂੰ 4,836 ਬਕਸੇ ਸੰਕ੍ਰਮਿਤ ਹੋਣ ਦੀ ਜਾਣਕਾਰੀ ਮਿਲੀ ਸੀ, ਇਸ ਵਿਚੋਂ 2,089 ਸਟੋਰੇਜ ਵਿਚ ਸੀਲ ਹਨ ਪਰ 1812 ਬਕਸੇ ਦੂਜੇ ਰਾਜਾਂ ਵਿਚ ਸੇਲ ਕਰਨ ਲਈ ਭੇਜੇ ਜਾ ਚੁੱਕੇ ਹਨ ਅਤੇ 935 ਆਈਸਕ੍ਰੀਮ ਪੈਕਟ ਸਥਾਨਕ ਬਾਜ਼ਾਰ ਵਿਚ ਵੀ ਪਹੁੰਚ ਚੁੱਕੇ ਸਨ ਭਾਵੇਂਕਿ ਇਹਨਾਂ ਵਿਚੋਂ ਸਿਰਫ 65 ਫੀਸਦੀ ਆਈਸਕ੍ਰੀਮ ਦੇ ਪੈਕਟ ਹੀ ਵਿਕੇ ਸਨ।
ਪੜ੍ਹੋ ਇਹ ਅਹਿਮ ਖਬਰ- ਤਕਰੀਬਨ 1.8 ਕਰੋੜ ਆਬਾਦੀ ਨਾਲ ਭਾਰਤੀ ਦੁਨੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ
Daqiaodao ਫੂਡ ਕੰਪਨੀ ਨੇ ਵੀ ਪੁਸ਼ਟੀ ਕੀਤੀ ਕਿ ਵੀਰਵਾਰ ਨੂੰ ਦੁਪਹਿਰ 2 ਵਜੇ ਉਹਨਾਂ ਨੇ 1662 ਕਰਮਚਾਰੀਆਂ ਨੂੰ ਸੈਲਫ ਆਈਸੋਲੇਸ਼ਨ ਵਿਚ ਜਾਣ ਦਾ ਆਦੇਸ਼ ਦਿੱਤਾ ਸੀ। ਉਹਨਾਂ ਵਿਚੋਂ 700 ਨੇ ਪਹਿਲਾਂ ਹੀ ਕੋਵਿਡ-19 ਨੈਗੇਟਿਵ ਪਾਏ ਗਏ ਹਨ। ਉੱਥੇ 962 ਕਰਮਚਾਰੀਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਦੁਕਾਨਦਾਰ ਅਤੇ ਹੋਰ ਲੋਕ ਜਿਹੜੇ ਇਹਨਾਂ ਆਈਸਕ੍ਰੀਮ ਪੈਕਟਾਂ ਦੇ ਸੰਪਰਕ ਵਿਚ ਆਏ ਸਨ ਉਹਨਾਂ ਦੇ ਆਉਣ-ਜਾਣ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ,ਜਿਸ ਨਾਲ ਇਨਫੈਕਸ਼ਨ ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਿਆ ਜਾ ਸਕੇ।
ਡਾਕਟਰਾਂ ਨੇ ਕਹੀ ਇਹ ਗੱਲ
ਫੋਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਆਫ ਲੀਡਸ ਦੇ ਇਕ ਵਾਇਰੋਲੌਜੀਸਟ ਡਾਕਟਰ ਸਟੀਫਨ ਗ੍ਰਿਫਿਨ ਨੇ ਕਿਹਾ ਕਿ ਫਿਲਹਾਲ ਆਈਸਕ੍ਰੀਮ ਵਿਚ ਇਨਫੈਕਸ਼ਨ ਪਹੁੰਚਣ ਨਾਲ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਾਇਰਸ ਕਿਸੇ ਪੀੜਤ ਵਿਅਕਤੀ ਤੋਂ ਆਇਆ ਹੋਵੇ। ਇਸ ਦੇ ਇਲਾਵਾ ਡੌਕਰ ਸਟੀਫਨ ਨੇ ਇਹ ਵੀ ਕਿਹਾ ਕਿ ਚੀਨ ਦੀ ਜਿਹੜੀ ਕੰਪਨੀ ਵਿਚ ਇਹ ਆਈਸਕ੍ਰੀਮ ਬਣਾਈ ਜਾ ਰਹੀ ਸੀ ਸ਼ਾਇਦ ਉੱਥੇ ਹਾਈਜ਼ੀਨ ਦੀ ਕਮੀ ਹੋਵੇ। ਉਹਨਾਂ ਨੇ ਅੱਗੇ ਕਿਹਾ ਕਿ ਆਈਸਕ੍ਰੀਮ ਨੂੰ ਠੰਡੇ ਤਾਪਮਾਨ ਵਿਚ ਰੱਖਿਆ ਜਾਂਦਾ ਹੈ ਅਤੇ ਇਸ ਦੌਰਾਨ ਵਾਇਰਸ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਤਕਰੀਬਨ 1.8 ਕਰੋੜ ਆਬਾਦੀ ਨਾਲ ਭਾਰਤੀ ਦੁਨੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ
NEXT STORY