ਕੀਵ- ਯੂਕ੍ਰੇਨ 'ਚ ਭ੍ਰਿਸ਼ਟਾਚਾਰ ਵਿਰੋਧੀ ਇਕਾਈਆਂ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਮੁੱਖ ਸਕੱਤਰ ਆਂਦ੍ਰੀ ਯਰਮਕ ਦੇ ਘਰ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ। ਯੂਕ੍ਰੇਨ 'ਚ ਭ੍ਰਿਸ਼ਟਾਚਾਰ ਦੀ ਰੋਕਥਾਮ ਨਾਲ ਜੁੜੀਆਂ 2 ਰਾਸ਼ਟਰੀ ਏਜੰਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਯਰਮਕ ਦੇ ਦਫ਼ਤਰ 'ਤੇ ਛਾਪੇ ਮਾਰੇ ਹਨ। ਯਰਮਕ ਯੂਕ੍ਰੇਨ 'ਚ ਇਕ ਸ਼ਕਤੀਸ਼ਾਲੀ ਵਿਅਕਤੀ ਹਨ ਅਤੇ ਅਮਰੀਕਾ ਨਾਲ ਜਾਰੀ ਗੱਲਬਾਤ ਦੇ ਮੁੱਖ ਭਾਗੀਦਾਰ ਹਨ। ਯਰਮਕ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਅਪਾਰਟਮੈਂਟ 'ਚ ਵੀ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਨੇ 'ਟੈਲੀਗ੍ਰਾਮ' 'ਤੇ ਲਿਖਿਆ,''ਜਾਂਚਕਰਤਾਵਾਂ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।''
ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਕੀਲ ਵੀ ਮੌਜੂਦ ਹਨ। ਯੂਕ੍ਰੇਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਐਡਵੋਕੇਟ ਦਫ਼ਤਰ ਯੂਕ੍ਰੇਨ 'ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ 'ਤੇ ਕਾਰਵਾਈ ਕਰਨ ਵਾਲੀਆਂ 2 ਏਜੰਸੀਆਂ ਹਨ। ਉਹ ਊਰਜਾ ਖੇਤਰ 'ਚ ਹੋਏ 10 ਕਰੋੜ ਅਮਰੀਕੀ ਡਾਲਰ ਦੇ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕਰ ਰਹੀਆਂ ਹਨ, ਜਿਨ੍ਹਾਂ 'ਚ ਯੂਕ੍ਰੇਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਜੋ ਰੂਸੀ ਜੰਗ ਦਾ ਸਾਹਮਣਾ ਕਰਨ ਲਈ ਪੱਛਮੀ ਦੇਸ਼ਾਂ ਤੋਂ ਸਮਰਥਨ ਮੰਗ ਰਹੇ ਹਨ।
ਇਮਰਾਨ ਖਾਨ ਨਾਲ ਮੁਲਾਕਾਤ ਨਾ ਕਰਵਾਉਣ 'ਤੇ ਭੈਣ ਅਲੀਮਾ ਖਾਨ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ
NEXT STORY