ਬੀਜਿੰਗ— ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਧੇ ਤਣਾਅ ਵਿਚਾਲੇ ਚੀਨ ਨੇ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਉਨੀਂ ਜਲਦੀ ਆਪਣੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰ ਲੈਣ।
ਇਸ ਮਹੀਨੇ ਦੀ 14 ਤਰੀਕ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਕਾਫਿਲੇ 'ਤੇ ਫਿਦਾਇਨ ਹਮਲਾ ਹੋਇਆ ਸੀ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਦਾਰੀ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਨੇ ਲਈ ਸੀ। ਇਸ ਹਮਲੇ ਨੇ ਦੋ ਮੁਲਕਾਂ ਵਿਚਾਲੇ ਤਣਾਅ ਨੂੰ ਇਸ ਹੱਦ ਤੱਕ ਵਧਾ ਦਿੱਤਾ ਕਿ ਨਵੀਂ ਦਿੱਲੀ ਤੇ ਇਸਲਾਮਾਬਾਦ ਨੇ ਆਪਣੇ-ਆਪਣੇ ਡਿਪਲੋਮੈਟਾਂ ਨੂੰ ਸਲਾਹ ਲਈ ਵਾਪਸ ਬੁਲਾ ਲਿਆ। ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਦਿੱਤੇ ਵਪਾਰ 'ਚ ਤਰਜੀਹ ਰਾਸ਼ਟਰ ਦੇ ਦਰਜੇ ਨੂੰ ਵਾਪਸ ਲੈ ਲਿਆ ਸੀ ਤੇ ਉਥੋਂ ਆਉਣ ਵਾਲੇ ਸਮਾਨ 'ਤੇ ਕਸਟਮ ਡਿਊਟੀ ਨੂੰ 200 ਫੀਸਦੀ ਤੱਕ ਵਧਾ ਦਿੱਤਾ ਸੀ।
ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਆਪਣੇ ਰੁਜ਼ਾਨਾ ਪੱਤਰਕਾਰ ਸੰਮੇਲਨ 'ਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ 'ਤੇ ਕੀਤੇ ਗਏ ਸਵਾਲ 'ਤੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਦੋਵੇਂ ਹੀ ਦੱਖਣੀ ਏਸ਼ੀਆ ਦੇ ਅਹਿਮ ਰਾਸ਼ਟਰ ਹਨ। ਖੇਤਰ 'ਚ ਸ਼ਾਂਤੀ ਤੇ ਸਥਿਰਤਾ ਲਈ ਦੋਵਾਂ ਦੇਸ਼ਾਂ ਵਿਚਾਲੇ ਸਥਿਰ ਦੋ-ਪੱਖੀ ਰਿਸ਼ਤਾ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਏਸ਼ੀਆ 'ਚ ਕੁੱਲ ਮਿਲਾ ਕੇ ਸਥਿਰਤਾ ਹੈ, ਜਿਸ ਨੂੰ ਸਾਰੇ ਪੱਖਾਂ ਨੂੰ ਬਣਾਏ ਰੱਖਣਾ ਚਾਹੀਦਾ ਹੈ। ਚੀਨ ਉਮੀਦ ਕਰਦਾ ਹੈ ਕਿ ਪਾਕਿਸਤਾਨ ਤੇ ਭਾਰਤ ਸੰਜਮ ਵਰਤਣਗੇ ਤੇ ਗੱਲਬਾਤ ਕਰਨਗੇ ਤੇ ਜਲਦੀ ਤੋਂ ਜਲਦੀ ਸਬੰਧਿਤ ਮੁੱਦਿਆਂ ਦਾ ਹੱਲ ਕੱਢਣਗੇ। ਸ਼ੁਆਂਗ ਤੋਂ ਸਵਾਲ ਕੀਤਾ ਗਿਆ ਕਿ ਸਾਊਦੀ ਅਰਬ ਦੇ ਸ਼ਾਹ ਦੇ ਉੱਤਰਾਧਿਕਾਰੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਹਾਲ ਦੀ ਪਾਕਿਸਤਾਨ ਯਾਤਰਾ ਦੌਰਾਨ ਦੋਵਾਂ ਮੁਲਕਾਂ ਨੇ ਸਮਝੌਤਾ ਕੀਤਾ ਹੈ ਕਿ ਸਾਊਦੀ ਅਰਬ ਪਾਕਿਸਤਾਨ 'ਚ 20 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। ਇਸ 'ਤੇ ਬੁਲਾਰੇ ਨੇ ਕਿਹਾ ਕਿ ਚੀਨ ਇਹ ਦੇਖ ਕੇ ਖੁਸ਼ ਹੈ ਕਿ ਪਾਕਿਸਤਾਨ ਸਾਊਦੀ ਅਰਬ ਸਣੇ ਹੋਰਾਂ ਦੇਸ਼ਾਂ ਨਾਲ ਦੋਸਤਾਨਾ ਸਹਿਯੋਗ ਕਰ ਰਿਹਾ ਹੈ।
ਮਿਆਂਮਾਰ 'ਚ ਬਦਲੇਗਾ ਫੌਜੀ ਸੰਵਿਧਾਨ, ਵਧ ਸਕਦੈ ਸਰਕਾਰ ਤੇ ਫੌਜ 'ਚ ਤਣਾਅ
NEXT STORY