ਨਵੀਂ ਦਿੱਲੀ (ਭਾਸ਼ਾ) - ਵਿੱਤੀ ਸਾਲ 2023-24 ਦੌਰਾਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚੀਨ ਰਿਹਾ। ਭਾਰਤ ਦੇ ਇਕਨਾਮਿਕ ਥਿੰਕ ਟੈਂਕ-ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਡਾਟਾ ਮੁਤਾਬਕ, ਪਿਛਲੇ ਵਿੱਤੀ ਸਾਲ ’ਚ ਭਾਰਤ ਅਤੇ ਚੀਨ ਦਰਮਿਆਨ ਦੋਤਰਫਾ ਵਪਾਰ ਕਰੀਬ 118.4 ਅਰਬ ਡਾਲਰ ਦਾ ਰਿਹਾ।
ਇਹ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਵਪਾਰ (118.3 ਅਰਬ ਡਾਲਰ) ਦੀ ਤੁਲਨਾ ’ਚ ਥੋੜ੍ਹਾ ਜ਼ਿਆਦਾ ਹੈ। ਹਾਲਾਂਕਿ, ਅਮਰੀਕਾ ਵਿੱਤੀ ਸਾਲ 2021-22 ਅਤੇ 2022-23 ਦੇ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਸੀ।
ਜੀ. ਟੀ. ਆਰ. ਆਈ. ਦਾ ਡਾਟਾ ਦੱਸਦਾ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਭਾਰਤ ਦੀ ਚੀਨ ਨੂੰ ਬਰਾਮਦ 8.7 ਫੀਸਦੀ ਵਧ ਕੇ 16.67 ਅਰਬ ਡਾਲਰ ’ਤੇ ਪਹੁੰਚ ਗਈ। ਚੀਨ ਨੂੰ ਬਰਾਮਦ ਵਧਾਉਣ ’ਚ ਭਾਰਤ ਦੇ ਲੋਹ ਓਰ, ਸੂਤੀ ਧਾਗਾ, ਕੱਪੜੇ, ਮੇਡਅਪ, ਹੈਂਡਲੂਮ, ਮਸਾਲੇ, ਫਲ ਅਤੇ ਸਬਜ਼ੀਆਂ, ਪਲਾਸਟਿਕ ਅਤੇ ਲਿਨੋਲੀਅਮ ਦੀ ਅਹਿਮ ਭੂਮਿਕਾ ਰਹੀ। ਜੇਕਰ ਚੀਨ ਤੋਂ ਦਰਾਮਦ ਦੀ ਗੱਲ ਕਰੀਏ, ਤਾਂ ਇਸ ’ਚ 3.24 ਫੀਸਦੀ ਦਾ ਉਛਾਲ ਆਇਆ ਅਤੇ ਇਹ 101.7 ਅਰਬ ਡਾਲਰ ਤਕ ਪਹੁੰਚ ਗਈ।
ਭਾਰਤ ਚੀਨ ਤੋਂ ਜ਼ਿਆਦਾਤਰ ਇਲੈਕਟ੍ਰਾਨਿਕ ਸਾਮਾਨ, ਨਿਊਕਲੀਅਰ ਰਿਐਕਟਰਸ, ਬਾਇਲਰ, ਆਰਗੈਨਿਕ ਕੈਮੀਕਲ, ਪਲਾਸਟਿਕ ਦਾ ਸਾਮਾਨ, ਫਰਟੀਲਾਈਜ਼ਰ, ਗੱਡੀਆਂ ਨਾਲ ਜੁੜਿਆ ਸਾਮਾਨ, ਕੈਮੀਕਲ ਪ੍ਰੋਡਕਟਸ, ਆਇਰਨ ਐਂਡ ਸਟੀਲਸ, ਆਇਰਨ ਐਂਡ ਸਟੀਲ ਦਾ ਸਾਮਾਨ ਅਤੇ ਐਲੂਮੀਨੀਅਮ ਖਰੀਦਦਾ ਹੈ। ਵਿੱਤੀ ਸਾਲ 2023-24 ’ਚ ਅਮਰੀਕਾ ਨੂੰ ਬਰਾਮਦ 1.32 ਫੀਸਦੀ ਘਟ ਕੇ 77.5 ਅਰਬ ਡਾਲਰ ’ਤੇ ਆ ਗਈ। ਜੇਕਰ ਦਰਾਮਦ ’ਤੇ ਗੌਰ ਕਰੀਏ, ਤਾਂ ਇਸ ’ਚ ਕਰੀਬ 20 ਫੀਸਦੀ ਦੀ ਗਿਰਾਵਟ ਆਈ ਹੈ ਅਤੇ 40.1 ਅਰਬ ਡਾਲਰ ’ਤੇ ਆ ਗਈ।
ਕੀ ਹੁੰਦਾ ਹੈ ਵਪਾਰ ਘਾਟਾ
ਵਪਾਰ ਘਾਟੇ ਦਾ ਮਤਲਬ ਹੈ ਕਿ ਕੋਈ ਵੀ ਦੇਸ਼ ਆਪਣੇ ਵਪਾਰਕ ਭਾਈਵਾਲ ਨੂੰ ਸਾਮਾਨ ਘੱਟ ਵੇਚ ਪਾ ਰਿਹਾ ਹੈ ਪਰ ਉਸ ਤੋਂ ਖਰੀਦਾ ਜ਼ਿਆਦਾ ਰਿਹਾ ਹੈ। ਜੇਕਰ ਕੋਈ ਆਪਣੇ ਵਪਾਰਕ ਭਾਈਵਾਲ ਤੋਂ 10 ਰੁਪਏ ਦਾ ਸਾਮਾਨ ਖਰੀਦ ਰਿਹਾ ਹੈ ਪਰ ਵੇਚ ਸਿਰਫ 4 ਰੁਪਏ ਦਾ ਰਿਹਾ ਹੈ, ਤਾਂ ਉਸ ਨੂੰ 6 ਰੁਪਏ ਦਾ ਵਪਾਰਕ ਘਾਟਾ ਹੋਵੇਗਾ। ਜਿਵੇਂ ਕਿ ਭਾਰਤ ਅਤੇ ਚੀਨ ਦੇ ਮਾਮਲੇ ’ਚ ਹੈ।
ਅਮਰੀਕਾ ਨੂੰ ਭਾਰਤ ਦੀ ਬਰਾਮਦ ਵਧੀ
ਚੀਨ ਦੇ ਉਲਟ ਅਮਰੀਕਾ ਦੇ ਨਾਲ ਭਾਰਤ ਦਾ ਵਪਾਰ ਚੰਗਾ ਚੱਲ ਰਿਹਾ ਹੈ। ਵਿੱਤੀ ਸਾਲ 2019 ਤੋਂ ਵਿੱਤੀ ਸਾਲ 2024 ਦਰਮਿਆਨ ਅਮਰੀਕੀ ਨੂੰ ਭਾਰਤ ਦੀ ਬਰਾਮਦ 47.9 ਫੀਸਦੀ ਵਧ ਕੇ 77.52 ਅਰਬ ਡਾਲਰ ਹੋ ਗਈ। ਉਥੇ ਅਮਰੀਕਾ ਤੋਂ ਦਰਾਮਦ ਵੀ 14.7 ਫੀਸਦੀ ਵੱਧ ਕੇ 40.78 ਅਰਬ ਡਾਲਰ ਹੋ ਗਈ। ਇਸ ਨਾਲ ਅਮਰੀਕਾ ਦੇ ਨਾਲ ਭਾਰਤ ਦਾ ਟਰੇਡ ਸਰਪਲੱਸ ਵੀ ਵਧਿਆ ਅਤੇ ਇਹ 16.86 ਅਰਬ ਡਾਲਰ ਤੋਂ ਵਧ ਕੇ 36.74 ਅਰਬ ਡਾਲਰ ਹੋ ਗਿਆ।
ਵਪਾਰ ਮੰਤਰਾਲਾ ਦੇ ਅੰਕੜਿਆਂ ਅਨੁਸਾਰ, ਚੀਨ 2013-14 ਤੋਂ 2017-18 ਤੱਕ ਅਤੇ 2020-21 ’ਚ ਭਾਰਤ ਦਾ ਮੁੱਖ ਵਪਾਰਕ ਸਹਿਯੋਗੀ ਸੀ। ਚੀਨ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇਸ਼ ਦਾ ਸਭ ਤੋਂ ਵੱਡਾ ਟਰੇਡ ਪਾਰਟਨਰ ਸੀ, ਉਥੇ, 2021-22 ਅਤੇ 2022-23 ’ਚ ਭਾਰਤ ਨੇ ਅਮਰੀਕਾ ਦੇ ਨਾਲ ਸਭ ਤੋਂ ਵਧ ਵਪਾਰ ਕੀਤਾ। 2023-24 ’ਚ, 83.6 ਅਰਬ ਡਾਲਰ ਦੇ ਨਾਲ ਸੰਯੁਕਤ ਅਰਬ ਅਮੀਰਾਤ, ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਇਸ ਤੋਂ ਬਾਅਦ ਰੂਸ (65.7 ਅਰਬ ਡਾਲਰ), ਸਾਊਦੀ ਅਰਬ (43.4 ਅਰਬ ਡਾਲਰ) ਅਤੇ ਸਿੰਗਾਪੁਰ (35.6 ਅਰਬ ਡਾਲਰ) ਦਾ ਸਥਾਨ ਰਿਹਾ।
ਭਾਰਤ ਦੇ 6 ਸਭ ਤੋਂ ਵੱਡੇ ਵਪਾਰਕ ਭਾਈਵਾਲ
ਦੇਸ਼ ਵਪਾਰ
ਚੀਨ 118.4 ਅਰਬ ਡਾਲਰ
ਅਮਰੀਕਾ 118.3 ਅਰਬ ਡਾਲਰ
ਯੂ. ਏ. ਈ. 83.6 ਅਰਬ ਡਾਲਰ
ਰੂਸ 65.7 ਅਰਬ ਡਾਲਰ
ਸਾਊਦੀ ਅਰਬ 43.4 ਅਰਬ ਡਾਲਰ
ਸਿੰਗਾਪੁਰ 35.6 ਅਰਬ ਡਾਲਰ
ਚੀਨ ਨਾਲ ਕਿੰਨਾ ਵਧਿਆ ਵਪਾਰ
ਈਰਾਨੀ ਕੇਸਰ ਨੇ ਵਧਾਈ ਮੁਸ਼ਕਲ, ਖਾਣ-ਪੀਣ ਤੋਂ ਲੈ ਕੇ ਦਵਾਈਆਂ ਤੱਕ ਹੋ ਸਕਦੀਆਂ ਹਨ ਮਹਿੰਗੀਆਂ
NEXT STORY