ਜਲੰਧਰ (ਏਜੰਸੀ)- ਚੀਨ ਅਤੇ ਮੈਕਸੀਕੋ ਦੇ ਰਸਤੇ ਅਮਰੀਕਾ ਪਹੁੰਚ ਰਹੀ ਘਾਤਕ ਫੈਂਟਾਨਾਇਲ ਡਰੱਗ ਅਮਰੀਕੀ ਨੌਜਵਾਨਾਂ ’ਤੇ ਕਹਿਰ ਪਾ ਰਹੀ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਅਗਸਤ ਤੱਕ 12 ਮਹੀਨਿਆਂ ’ਚ ਅਮਰੀਕਾ ਵਿਚ ਫੈਂਟਾਨਾਇਲ ਦੀ ਓਵਰਡੋਜ਼ ਕਾਰਨ 108,000 ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਮੌਤਾਂ ਲੜਕਿਆਂ (ਕਿਸ਼ੋਰਾਂ) ਅਤੇ ਨੌਜਵਾਨਾਂ ਦੀਆਂ ਹੋਈਆਂ ਅਤੇ ਇਹ ਸਿਲਸਿਲਾ ਜਾਰੀ ਹੈ। ਜ਼ਿਆਦਾਤਰ ਫੈਂਟਾਨਾਇਲ ਦੀਆਂ ਖੇਪਾਂ ਗੈਰ-ਕਾਨੂੰਨੀ ਢੰਗ ਨਾਲ ਚੀਨ ਤੋਂ ਮੈਕਸੀਕੋ ਸਰਹੱਦ ਰਾਹੀਂ ਆਉਂਦੀਆਂ ਹਨ। ਯੂ. ਐੱਸ. ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਦੋਸ਼ ਲਗਾ ਚੁੱਕਾ ਹੈ ਕਿ ਚੀਨ ਵਿਚ ਗੈਰ-ਕਾਨੂੰਨੀ ਢੰਗ ਨਾਲ ਸਿੰਥੈਟਿਕ ਡਰੱਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਬਣਾਉਣ ਅਤੇ ਆਰਥਿਕਤਾ ਨੂੰ ਤਬਾਹ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਅਮਰੀਕਾ ਭੇਜੇ ਜਾਂਦੇ ਹਨ। ਹਾਲਾਂਕਿ, ਹੁਣ ਇਸ ਮੁੱਦੇ ਸਬੰਧੀ ਚੀਨ, ਮੈਕਸੀਕੋ ਅਤੇ ਅਮਰੀਕਾ ਦੋਸ਼-ਪ੍ਰਤੀਦੋਸ਼ ’ਚ ਉਲਝਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: WFI ਮੁਖੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਤੱਕ ਕੱਢਿਆ ਮਾਰਚ
ਤਿੰਨਾ ਦੇਸ਼ਾਂ ’ਚੋਂ ਕੋਣ ਕਿੰਨਾ ਜ਼ਿੰਮੇਵਾਰ
ਜੇਕਰ ਤਿੰਨਾਂ ਦੇਸ਼ਾਂ ਦੇ ਸਬੰਧਾਂ ਵਿਚ ਡਰੱਗ ਸਮੱਗਲਿੰਗ ਦੀ ਗੱਲ ਕਰੀਏ ਤਾਂ ਇਹ ਸਪੱਸ਼ਟ ਨਹੀਂ ਕਿ ਕੌਣ ਕਿੰਨਾ ਜ਼ਿੰਮੇਵਾਰ ਹੈ ਕਿਉਂਕਿ 2018 ਅਤੇ 2021 ਦੇ ਵਿਚਕਾਰ ਫੈਂਟਾਨਾਇਲ ਦੀ ਸਮੱਗਲਿੰਗ ਦੇ ਦੋਸ਼ੀ ਠਹਿਰਾਏ ਗਏ ਜ਼ਿਆਦਾਤਰ ਅਮਰੀਕੀ ਨਾਗਰਿਕ ਸਨ, ਹਾਲਾਂਕਿ ਚੀਨ ਨੇ ਮੈਕਸੀਕਨਾਂ ਨੂੰ ਇਸ ਸਮੱਗਲਿੰਗ ਲਈ ਜ਼ਿੰਮੇਵਾਰ ਦੱਸਦਾ ਆਇਆ ਹੈ। ਦੱਸਿਆ ਜਾਂਦਾ ਹੈ ਕਿ ਅਮਰੀਕਾ ਵਿਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀਅਤਨਾਮ, ਕੋਰੀਆ, ਇਰਾਕ ਅਤੇ ਅਫਗਾਨਿਸਤਾਨ ਵਿਚ ਮਿਲ ਕੇ ਜੰਗਾਂ ਲੜਦਿਆਂ ਮਾਰੇ ਗਏ ਅਮਰੀਕੀਆਂ ਦੀ ਗਿਣਤੀ ਨਾਲੋਂ ਕਿਤੇ ਵੱਧ ਦੱਸੀ ਜਾਂਦੀ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਅੰਕੜਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਅਨੁਸਾਰ ਨਸ਼ੇ ਦੀ ਓਵਰਡੋਜ਼ ਲੈਣ ਵਾਲਿਆਂ ’ਚੋਂ 10 ਤੋਂ 18 ਸਾਲ ਦੇ ਨੌਜਵਾਨ ਜ਼ਿਆਦਾ ਹਨ। ਇਥੋਂ ਤਕ ਕਿ 2019 ਤੋਂ ਬਾਅਦ ਅਗਲੇ ਦੋ ਸਾਲਾਂ ਵਿਚ ਨੌਜਵਾਨਾਂ ਅਤੇ ਲੜਕਿਆਂ (ਕਿਸ਼ੋਰਾਂ) ਵਿਚ ਡਰੱਗ ਦਾ ਸੇਵਨ ਕਰਨ ਵਿਚ 109 ਫੀਸਦੀ ਵਾਧਾ ਹੋਇਆ ਹੈ। ਅਕਤੂਬਰ ਤੋਂ ਮਾਰਚ ਦਰਮਿਆਨ ਤਕਰੀਬਨ 14,000 ਪੌਂਡ ਫੈਂਟਾਨਾਇਲ ਜ਼ਬਤ ਕੀਤਾ ਗਿਆ ਸੀ।
ਤਣਾਅ ਕਾਰਨ ਸਹਿਯੋਗ ਨਹੀਂ ਕਰ ਰਿਹਾ ਚੀਨ
ਯੂ. ਐੱਸ. ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਅਨੁਸਾਰ ਅਪਰਾਧਿਕ ਸਮੂਹ ਚੀਨ ਤੋਂ ਮੈਕਸੀਕੋ ਨੂੰ ਰਸਾਇਣਾਂ ਦਾ ਨਿਰਯਾਤ ਕਰਦੇ ਹਨ, ਜਿੱਥੇ ਉਨ੍ਹਾਂ ਦੀ ਵਰਤੋਂ ਅਮਰੀਕੀ ਸਰਹੱਦ ਦੇ ਪਾਰ ਸਮੱਗਲਿੰਗ ਕੀਤੇ ਜਾਂਦੇ ਫੈਂਟਾਨਾਇਲ ਬਣਾਉਣ ਲਈ ਕਰਦੇ ਹਨ। ਮੈਕਸੀਕੋ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਫੈਂਟਾਨਾਇਲ ਉਸ ਦੇ ਖੇਤਰ ਵਿਚ ਬਣਦਾ ਹੈ। ਟਰੰਪ ਪ੍ਰਸ਼ਾਸਨ ਨੇ ਫੈਂਟਾਨਾਇਲ ਦੇ ਗੈਰ-ਕਾਨੂੰਨੀ ਉਤਪਾਦਨ ਅਤੇ ਵਿਕਰੀ ’ਤੇ ਪਾਬੰਦੀ ਲਗਾਉਣ ਲਈ 2019 ਵਿਚ ਸ਼ੀ ਜਿਨਪਿੰਗ ਦੀ ਸਫਲਤਾਪੂਰਵਕ ਪੈਰਵੀ ਕੀਤੀ ਸੀ। ਇਸ ਸਮੇਂ ਦੌਰਾਨ ਚੀਨ ਤੋਂ ਅਮਰੀਕਾ ਨੂੰ ਡਰੱਗ ਦੀ ਵਿਕਰੀ ਲਗਭਗ ਬੰਦ ਹੋ ਗਈ ਸੀ ਪਰ ਇਸ ਦੀ ਬਜਾਏ ਸ਼ਿਪਮੈਂਟ ਨੂੰ ਮੈਕਸੀਕੋ ਰਾਹੀਂ ਭੇਜਿਆ ਗਿਆ। ਜਿਵੇਂ ਹੀ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਿਆ, ਚੀਨੀ ਅਧਿਕਾਰੀਆਂ ਨੇ ਡਰੱਗ ’ਤੇ ਸਹਿਯੋਗ ਕਰਨਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ: ਇਟਲੀ 'ਚ ਕੁਦਰਤ ਦਾ ਕਹਿਰ; ਤੇਜ਼ ਮੀਂਹ ਨੇ ਲਈ 10 ਲੋਕਾਂ ਦੀ ਜਾਨ, ਕਈ ਲਾਪਤਾ
ਫੈਂਟਾਨਾਇਲ ਦੀ ਓਵਰਡੋਜ਼ ਕੁਝ ਪਲਾਂ ’ਚ ਲੈ ਲੈਂਦੀ ਹੈ ਜਾਨ
ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਇਹ ਸਿੰਥੈਟਿਕ ਓਪੀਆਈਡ ਹੈ। ਇਹ ਇਕ ਰਸਾਇਣ ਹੈ ਜੋ ਦਿਮਾਗ ਦੇ ਇਕ ਖਾਸ ਹਿੱਸੇ ’ਤੇ ਕੰਮ ਕਰ ਕੇ ਦਰਦ ਨੂੰ ਮੈਨੇਜ ਕਰਨ ਵਿਚ ਮਦਦ ਕਰਦਾ ਹੈ। ਮੋਰਫਿਨ ਤੋਂ ਲੈ ਕੇ ਬਹੁਤ ਸਾਰੇ ਓਪੀਆਈਡਜ਼ ਹਨ, ਜੋ ਗੰਭੀਰ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਜਾਂ ਸਰਜਰੀ ਤੋਂ ਬਾਅਦ ਦਰਦ ਦੇ ਅਹਿਸਾਸ ਨੂੰ ਘਟਾਉਣ ਲਈ ਦਿੱਤੇ ਜਾਂਦੇ ਹਨ। ਫੈਂਟਾਨਾਇਲ ਇਕ ਸਿੰਥੈਟਿਕ ਡਰੱਗ ਹੈ ਕਿਉਂਕਿ ਇਹ ਇਕ ਲੈਬ ਵਿਚ ਬਣਾਈ ਜਾਂਦੀ ਹੈ। ਇਹ ਮੋਰਫਿਨ ਨਾਲੋਂ 100 ਗੁਣਾ ਤਾਕਤਵਰ ਹੈ, ਜਦੋਂ ਕਿ ਇਹ ਹੈਰੋਇਨ ਵਰਗੇ ਖਤਰਨਾਕ ਨਸ਼ੀਲੇ ਪਦਾਰਥਾਂ ਤੋਂ ਵੀ 50 ਗੁਣਾ ਤੇਜ਼ ਹੁੰਦੀ ਹੈ। ਇੱਥੋਂ ਤੱਕ ਕਿ ਇਕ ਪੈਨਸਿਲ ਦੀ ਨੋਕ ਦੇ ਬਰਾਬਰ ਮਾਤਰਾ ਵੀ ਜਾਨਲੇਵਾ ਹੈ। ਓਵਰਡੋਜ਼ ਤੋਂ ਬਾਅਦ ਮੌਤ ਲਈ ਕਈ ਘੰਟੇ ਜਾਂ ਦਿਨ ਨਹੀਂ ਲੱਗਦੇ, ਸਗੋਂ ਕੁਝ ਮਿੰਟਾਂ ਵਿਚ ਇਨਸਾਨ ਮਰ ਜਾਂਦਾ ਹੈ।
ਅਮਰੀਕਾ ’ਚ ਨੌਜਵਾਨਾਂ ਨੂੰ ਆਸਾਨੀ ਨਾਲ ਮਿਲਦੀ ਹੈ ਡਰੱਗ
ਅਮਰੀਕੀ ਨੌਜਵਾਨ ਡਾਕਟਰਾਂ ਦੀਆਂ ਨਕਲੀ ਪਰਚੀਆਂ ਬਣਾ ਕੇ ਜਾਂ ਬਲੈਕ ਵਿਚ ਡਰੱਗ ਖਰੀਦ ਰਹੇ ਹਨ। ਡਾਰਕ ਵੈੱਬ ’ਤੇ ਵੀ ਨਸ਼ੇ ਆਸਾਨੀ ਨਾਲ ਉਪਲਬਧ ਹਨ। ਫੈਂਟਾਨਾਇਲ ਫਿਲਹਾਲ ਅਮਰੀਕਾ ਵਿਚ ਤਰਲ ਅਤੇ ਪਾਊਡਰ ਵਿਚ ਉਪਲਬਧ ਹੈ। ਨੌਜਵਾਨ ਜ਼ਿਆਦਾਤਰ ਪਾਊਡਰ ਖਰੀਦ ਰਹੇ ਹਨ ਕਿਉਂਕਿ ਇਸ ਨੂੰ ਹੋਰ ਨਸ਼ੇ ਵਾਲੇ ਪਦਾਰਥਾਂ ਨਾਲ ਮਿਲਾਉਣਾ ਆਸਾਨ ਹੈ ਪਰ ਸਹੀ ਮਾਤਰਾ ਵਿਚ ਮਿਲਾਵਟ ਕਰਨ ਵਿਚ ਥੋੜ੍ਹੀ ਜਿਹੀ ਵੀ ਗਲਤੀ ਹੋ ਜਾਵੇ ਤਾਂ ਤਿਆਰ ਕੀਤਾ ਨਸ਼ਾ ਹੋਰ ਵੀ ਘਾਤਕ ਹੋ ਜਾਂਦਾ ਹੈ। ਇਹ ਕੈਂਸਰ ਦੀ ਸਰਜਰੀ ਜਾਂ ਕਿਸੇ ਵੱਡੀ ਸਰਜਰੀ ਤੋਂ ਬਾਅਦ ਸੰਤੁਲਿਤ ਮਾਤਰਾ ਵਿਚ ਪੇਨਕਿੱਲਰ ਵਜੋਂ ਵੀ ਦਿੱਤਾ ਜਾਂਦਾ ਹੈ। ਡਾਕਟਰ ਪਰਚੀ ’ਤੇ ਇਹ ਵੀ ਲਿਖਦਾ ਹੈ ਕਿ ਇਸ ਪਰਚੀ ਨੂੰ ਕਿੰਨੇ ਦਿਨਾਂ ਬਾਅਦ ਐਕਸਪਾਇਰ ਮੰਨਿਆ ਜਾਵੇ। ਅਜਿਹਾ ਇਸ ਲਈ ਤਾਂ ਕਿ ਨਸ਼ਾ ਕਰਨ ਵਾਲੇ ਵਿਅਕਤੀ ਪਰਚੀ ਨੂੰ ਫੋਟੋਸ਼ਾਪ ਕਰ ਕੇ ਨਵੀਂ ਤਰੀਕ ਪਾ ਕੇ ਦਵਾਈ ਨਾ ਖਰੀਦ ਲੈਣ, ਹਾਲਾਂਕਿ ਇਹ ਸਭ ਸਾਵਧਾਨੀਆਂ ਵਰਤਣ ਦੇ ਬਾਵਜੂਦ ਹੋ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਭਾਰਤੀ ਨੌਜਵਾਨ ਦੀ ਮੌਤ
ਮੈਕਸੀਕੋ ਚੀਨ ’ਤੇ ਲਗਾ ਰਿਹਾ ਹੈ ਦੋਸ਼
ਹਾਲ ਹੀ ਵਿਚ ਮੈਕਸੀਕੋ ਨੇ ਚੀਨ ਨੂੰ ਏਸ਼ੀਆਈ ਦੇਸ਼ਾਂ ਤੋਂ ਮੈਕਸੀਕਨ ਡਰੱਗ ਕਾਰਟੈਲਾਂ ਨੂੰ ਗੈਰ-ਕਾਨੂੰਨੀ ਫੈਂਟਾਨਾਇਲ ਸ਼ਿਪਮੈਂਟ ਦੇ ਸਬੂਤ ਦੱਣ ਦਾ ਦਾਅਵਾ ਕੀਤਾ ਹੈ। ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਕਿਹਾ ਕਿ ਹਾਲ ਹੀ ਵਿਚ ਚੀਨ ਤੋਂ ਮੈਕਸੀਕੋ ਪਹੁੰਚੇ ਇਕ ਕੰਟੇਨਰ ਵਿਚ ਸਿੰਥੈਟਿਕ ਓਪੀਆਇਡ ਸੰਯੁਕਤ ਮਿਲਿਆ। ਜੋ ਸੰਯੁਕਤ ਰਾਜ ਅਮਰੀਕਾ ਵਿਚ ਹਰ ਰੋਜ਼ ਸੈਂਕੜੇ ਮੌਤਾਂ ਲਈ ਜ਼ਿੰਮੇਵਾਰ ਸੀ। ਲੋਪੇਜ਼ ਓਬਰਾਡੋਰ ਨੇ ਕਿਹਾ ਕਿ ਅਸੀਂ ਮਾਰਚ ਵਿਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਫੈਂਟਾਨਾਇਲ ਦੇ ਪ੍ਰਵਾਹ ਨੂੰ ਰੋਕਣ ਵਿਚ ਮਦਦ ਲਈ ਪੱਤਰ ਲਿਖਿਆ ਸੀ। ਜਦ ਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਗੈਰ-ਕਾਨੂੰਨੀ ਫੈਂਟਾਨਾਇਲ ਦੀ ਸਮੱਗਲਿੰਗ ਨਹੀਂ ਹੋਈ ਸੀ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਨਿਊਜ਼ੀਲੈਂਡ 'ਚ ਦਸਤਾਰਧਾਰੀ ਖੜਗ ਸਿੰਘ ਲੇਬਰ ਪਾਰਟੀ ਵੱਲੋਂ ਲੜਨਗੇ ਆਮ ਚੋਣਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਸਕ ਨੇ ਟੇਸਲਾ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਅਟਕਲਾਂ ਨੂੰ ਕੀਤਾ ਖਾਰਜ
NEXT STORY