ਬੀਜਿੰਗ : ਮੱਧ ਚੀਨ ਦੇ ਹੇਨਾਨ ਸੂਬੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਔਰਤ ਨੇ ਆਪਣੇ ਪਤੀ ਨਾਲ ਲੜਾਈ ਤੋਂ ਬਾਅਦ ਆਪਣੇ ਦੋ ਮਾਸੂਮ ਬੱਚਿਆਂ ਨੂੰ 23ਵੀਂ ਮੰਜ਼ਿਲ ਤੋਂ ਲਟਕਾ ਦਿੱਤਾ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਏਸੀ ਯੂਨਿਟ ਨਾਲ ਬੱਚੇ ਲਟਕਦੇ ਦੇਖੇ ਗਏ ਤਾਂ ਗੁਆਂਢੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਇਹ ਭਿਆਨਕ ਦ੍ਰਿਸ਼ ਲੁਓਯਾਂਗ ਸ਼ਹਿਰ ਦੇ ਇੱਕ ਅਪਾਰਟਮੈਂਟ 'ਚ ਦੇਖਿਆ ਗਿਆ। ਗੁਆਂਢੀਆਂ ਅਨੁਸਾਰ ਔਰਤ ਖਿੜਕੀ ਕੋਲ ਬੈਠੀ ਚੀਕ-ਚਿਹਾੜਾ ਪਾ ਰਹੀ ਸੀ ਅਤੇ ਆਪਣੇ ਪਤੀ ਨਾਲ ਝਗੜਾ ਕਰ ਰਹੀ ਸੀ, ਜਦਕਿ ਉਸ ਦੇ ਦੋ ਬੱਚੇ ਏਸੀ ਯੂਨਿਟ 'ਤੇ ਖਤਰਨਾਕ ਢੰਗ ਨਾਲ ਲਟਕ ਰਹੇ ਸਨ। ਜਦੋਂ ਪਤੀ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ ਨੂੰ ਰੋਕ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਪਤੀ 'ਤੇ ਚੀਕ ਰਹੀ ਹੈ, ਜਦਕਿ ਉਸ ਦਾ ਪਤੀ ਸ਼ਾਂਤ ਰਹਿੰਦਾ ਹੈ ਅਤੇ ਬੱਚਿਆਂ ਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕਰਦਾ ਹੈ।
ਗੁਆਂਢੀਆਂ ਦੀ ਚੌਕਸੀ ਕਾਰਨ ਸਮੇਂ ਸਿਰ ਪੁਲਸ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਲਾਂਕਿ ਬੱਚਿਆਂ ਦੀ ਮਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਲੋਕਾਂ 'ਚ ਗੁੱਸਾ ਪਾਇਆ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਆਈ ਇਸ ਘਟਨਾ ਨੇ ਆਨਲਾਈਨ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਲੋਕ ਔਰਤ ਦੀ ਨਿੰਦਾ ਕਰ ਰਹੇ ਹਨ ਅਤੇ ਸਵਾਲ ਉਠਾ ਰਹੇ ਹਨ ਕਿ ਇੱਕ ਮਾਂ ਅਜਿਹਾ ਕਿਵੇਂ ਕਰ ਸਕਦੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਬੱਚਿਆਂ ਨੂੰ ਮਾਤਾ-ਪਿਤਾ ਵਿਚਾਲੇ ਲੜਾਈ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ? ਜਦਕਿ ਦੂਜੇ ਨੇ ਲਿਖਿਆ ਕਿ ਕੀ ਉਹ ਮਾਂ ਹੈ ਜਾਂ ਜਾਨਵਰ? ਕਲਪਨਾ ਕਰੋ ਕਿ ਜੇਕਰ ਬੱਚੇ ਡਿੱਗ ਗਏ ਹੁੰਦੇ ਤਾਂ ਕੀ ਹੁੰਦਾ?
ਇਸ ਖ਼ਤਰਨਾਕ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਕਈਆਂ ਨੇ ਇਸ ਨੂੰ ਮਾਨਸਿਕ ਸੰਤੁਲਨ ਗੁਆਉਣ ਦਾ ਨਤੀਜਾ ਦੱਸਿਆ ਹੈ। ਫਿਲਹਾਲ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਪਰ ਇਸ ਘਟਨਾ ਨੇ ਮਾਪਿਆਂ ਦੇ ਕਲੇਸ਼ ਕਾਰਨ ਬੱਚਿਆਂ ਨੂੰ ਖਤਰੇ 'ਚ ਪਾਏ ਜਾਣ ਦੇ ਮੁੱਦੇ 'ਤੇ ਗੰਭੀਰ ਚਰਚਾ ਛੇੜ ਦਿੱਤੀ ਹੈ।
ਤੂਫਾਨ ਆਸਕਰ ਨੇ ਪੂਰਬੀ ਕਿਊਬਾ 'ਚ ਦਿੱਤੀ ਦਸਤਕ
NEXT STORY