ਵਿਕਟੋਰੀਆ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ 'ਤੇ ਫੈਂਟਾਨਾਇਲ ਡਰੱਗ ਉਨ੍ਹਾਂ ਦੇ ਦੇਸ਼ ਭੇਜਣ ਦੇ ਦੋਸ਼ ਲਾਉਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਉਨ੍ਹਾਂ 'ਤੇ ਬ੍ਰਿਟਿਸ਼ ਕੋਲੰਬੀਆ ਦੇ ਪੋਰਟਾਂ ਨੂੰ ਡਰੱਗ ਸਿੰਡੀਕੇਟ ਬਣਾਏ ਜਾਣ ਦੇ ਦੋਸ਼ ਲਾਏ ਜਾ ਰਹੇ ਹਨ।
ਦੱਸ ਦਈਏ ਕਿ ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਫੈਂਟਾਨਾਇਲ ਦੀ ਤਸਕਰੀ, ਉਤਪਾਦਨ ਅਤੇ ਮਨੀ ਲਾਂਡਰਿੰਗ 'ਤੇ ਵਿਆਪਕ ਜੰਗ ਸ਼ੁਰੂ ਕਰਨ ਲਈ ਤਿਆਰ ਹੈ। ਸੰਯੁਕਤ ਰਾਜ ਅਮਰੀਕਾ ਤਿੰਨ ਦੇਸ਼ਾਂ 'ਤੇ ਆਪਣੀ ਨਜ਼ਰ ਰੱਖ ਰਿਹਾ ਹੈ ਜਿਨ੍ਹਾਂ 'ਚ ਚੀਨ, ਮੈਕਸੀਕੋ ਅਤੇ ਕੈਨੇਡਾ ਸ਼ਾਮਲ ਹਨ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਇੱਕ ਨਿਵੇਕਲੀ ਜਾਂਚ ਵਿੱਚ, ਬਿਊਰੋ 1990 ਦੇ ਦਹਾਕੇ ਦੇ ਅਰੰਭ ਤੋਂ ਉੱਤਰੀ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਫੈਂਟਾਨਾਇਲ ਨੈਟਵਰਕ ਦੇ ਇਤਿਹਾਸ ਬਾਰੇ ਜਾਂਚ ਕਰ ਰਿਹਾ ਹੈ, ਜਿਸ ਵਿੱਚ 350 ਤੋਂ ਵੱਧ ਸੰਗਠਿਤ ਅਪਰਾਧ ਸਮੂਹ ਸ਼ਾਮਲ ਹਨ।
ਇਸ ਮਾਮਲੇ ਵਿਚ ਸਰੀ ਕਲੋਵਰਡੇਲ ਤੋਂ ਕੰਜ਼ਰਵੇਟਿਵ ਐੱਮਐੱਲਏ ਤੇ ਪਬਲਿਕ ਸੇਫਟੀ ਅਤੇ ਸਾਲਿਸਟਰ ਜਨਰਲ ਲਈ ਸ਼ੈਡੋ ਮੰਤਰੀ ਏਲੇਨੋਰ ਸਟੁਰਕੋ ਨੇ ਕੈਨੇਡੀਅਨ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਦੌਰਾਨ ਉਨ੍ਹਾਂ ਨੇ ਐਕਸ 'ਤੇ ਕੀਤੀ ਇਕ ਪੋਸਟ ਵਿਚ ਕਿਹਾ ਕਿ ਈਬੀ ਤੇ ਟਰੂਡੋ ਦੀਆਂ ਰੈਡੀਕਲ ਡਰੱਗ ਅਤੇ ਨਰਮ-ਅਪਰਾਧ ਨੀਤੀਆਂ ਨੇ ਬੀਸੀ ਪੋਰਟਾਂ ਨੂੰ ਗਲੋਬਲ ਡਰੱਗ ਸਿੰਡੀਕੇਟਾਂ ਅਤੇ ਕਾਰਟੈਲਾਂ ਲਈ ਟ੍ਰਾਂਸਸ਼ਿਪਮੈਂਟ ਅਤੇ ਉਤਪਾਦਨ ਕੇਂਦਰਾਂ 'ਚ ਬਦਲ ਦਿੱਤਾ ਹੈ। ਸਾਨੂੰ ਆਪਣੀਆਂ ਬੰਦਰਗਾਹਾਂ ਅਤੇ ਸਰਹੱਦਾਂ 'ਤੇ ਹੋਰ ਪੁਲਸ ਦੀ ਲੋੜ ਹੈ ਅਤੇ ਕਿੰਗਪਿਨਾਂ ਲਈ ਸਖ਼ਤ ਸਜ਼ਾਵਾਂ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ 'ਤੇ 25 ਫੀਸਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ 'ਤੇ 10 ਫੀਸਦੀ ਟੈਰਿਫ ਲਾਉਣ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ' 'ਤੇ ਜਾਣਕਾਰੀ ਦਿੱਤੀ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਦੇਸ਼ਾਂ 'ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕਰਨਗੇ।
ਉਨ੍ਹਾਂ ਕਿਹਾ, 'ਜਿਵੇਂ ਕਿ ਹਰ ਕੋਈ ਜਾਣਦਾ ਹੈ, ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋ ਰਹੇ ਹਨ ਅਤੇ ਉਹ ਆਪਣੇ ਨਾਲ ਡਰੱਗਜ਼ ਅਤੇ ਅਪਰਾਧ ਲਿਆ ਰਹੇ ਹਨ। ਜੇਕਰ ਕੈਨੇਡਾ ਅਤੇ ਮੈਕਸੀਕੋ ਚਾਹੁਣ ਤਾਂ ਉਹ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਹਨ ਅਤੇ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ। ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ 'ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦ ਰਾਹੀਂ ਅਮਰੀਕਾ 'ਚ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ, ਉਨ੍ਹਾਂ ਨੂੰ ਭਾਰੀ ਟੈਰਿਫ ਦੇਣਾ ਪਵੇਗਾ।
ਉਥੇ ਹੀ ਟਰੰਪ ਨੇ ਚੀਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੀਨ ਤੋਂ ਡਰੱਗਜ਼ ਖਾਸ ਤੌਰ 'ਤੇ ਫੈਂਟਾਨਾਇਲ ਵੱਡੇ ਪੱਧਰ 'ਤੇ ਅਮਰੀਕਾ ਆ ਰਹੀ ਹੈ। ਉਹ ਪਹਿਲਾਂ ਵੀ ਚੀਨ ਕੋਲ ਨਸ਼ਿਆਂ ਦਾ ਮੁੱਦਾ ਉਠਾ ਚੁੱਕੇ ਹਨ ਅਤੇ ਚੀਨ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਵਿੱਚ ਫੈਂਟਾਨਾਇਲ ਡਰੱਗਜ਼ ਦੀ ਆਮਦ ਬੇਰੋਕ ਜਾਰੀ ਹੈ। ਅਜਿਹੇ 'ਚ ਸਾਡੀ ਸਰਕਾਰ ਚੀਨ 'ਤੇ ਡਰੱਗਜ਼ 'ਤੇ ਰੋਕ ਨਾ ਲਗਾਉਣ 'ਤੇ 10 ਫੀਸਦੀ ਵਾਧੂ ਟੈਰਿਫ ਲਗਾਵੇਗੀ। ਟਰੰਪ ਨੇ ਕਿਹਾ ਕਿ ਇਸ ਸਬੰਧ ਵਿਚ ਕਾਰਜਕਾਰੀ ਆਦੇਸ਼ 'ਤੇ ਉਨ੍ਹਾਂ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ 20 ਜਨਵਰੀ 2025 ਨੂੰ ਦਸਤਖਤ ਕੀਤੇ ਜਾਣਗੇ।
HIV ਇਨਫੈਕਸ਼ਨ ਨੂੰ ਰੋਕ ਸਕਦਾ ਹੈ ਸਾਲ 'ਚ ਦੋ ਵਾਰ ਦਿੱਤਾ ਜਾਣ ਵਾਲਾ ਇਹ ਟੀਕਾ
NEXT STORY