ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ. ਐੱਨ. ਐੱਸ.) ਦੇ ਨਵੇਂ ਅੰਦਾਜ਼ੇ ਦੱਸਦੇ ਹਨ ਕਿ ਸਕਾਟਲੈਂਡ ਵਿੱਚ 3 ਸਤੰਬਰ ਤੱਕ ਦੇ ਹਫਤੇ ’ਚ 45 ’ਚੋਂ 1 ਵਿਅਕਤੀ ਨੂੰ ਕੋਵਿਡ-19 ਸੀ, ਜਿਸ ਦੀ ਗਿਣਤੀ ਉਸ ਨਾਲੋਂ ਪਿਛਲੇ ਹਫਤੇ 75 ’ਚੋਂ 1 ਸੀ। ਕੇਅਰ ਹੋਮਜ਼ ਅਤੇ ਹਸਪਤਾਲਾਂ ਵਰਗੇ ਸਥਾਨਾਂ ਦੀ ਬਜਾਏ ਨਿੱਜੀ ਘਰਾਂ ਦੇ ਲੋਕਾਂ ਨਾਲ ਸਬੰਧਤ ਇਹ ਅੰਕੜੇ ਅਕਤੂਬਰ 2020 ’ਚ ਸਕਾਟਲੈਂਡ ਲਈ ਅਨੁਮਾਨ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਧ ਹਨ। ਇਸ ਦੌਰਾਨ ਸਕਾਟਲੈਂਡ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਕਾਰਨ 22 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਕਾਟਿਸ਼ ਸਰਕਾਰ ਦੇ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ’ਚ 6815 ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ 11.1 ਫੀਸਦੀ ਨਵੇਂ ਟੈਸਟਾਂ ਨੂੰ ਦਰਸਾਉਂਦੇ ਹਨ।
ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਵੇਲਜ਼ ’ਚ ਲੱਗਭਗ 65 ’ਚੋਂ ਇੱਕ ਵਿਅਕਤੀ ਨੂੰ 3 ਸਤੰਬਰ ਤੱਕ ਦੇ ਹਫ਼ਤੇ ’ਚ ਕੋਵਿਡ-19 ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਹਫ਼ਤੇ 110 ’ਚੋਂ ਇੱਕ ਸੀ, ਜਦਕਿ ਉੱਤਰੀ ਆਇਰਲੈਂਡ ’ਚ ਇਹ ਅਨੁਮਾਨ 60 ’ਚੋਂ 1 ਹੈ, ਜੋ ਪਿਛਲੇ ਹਫਤੇ 65 ’ਚੋਂ 1 ਸੀ। ਇਸ ਤੋਂ ਇਲਾਵਾ ਪੂਰੇ ਇੰਗਲੈਂਡ ’ਚ 3 ਸਤੰਬਰ ਤੱਕ 70 ’ਚੋਂ 1 ਵਿਅਕਤੀ ਨੂੰ ਕੋਵਿਡ-19 ਸੀ। ਪਾਜ਼ੇਟਿਵ ਟੈਸਟ ਕਰਨ ਵਾਲੇ ਲੋਕਾਂ ਦੀ ਫੀਸਦੀ ਉੱਤਰ-ਪੂਰਬੀ ਇੰਗਲੈਂਡ ’ਚ ਵਧੀ ਹੈ, ਲੰਡਨ ਅਤੇ ਦੱਖਣ-ਪੂਰਬੀ ਇੰਗਲੈਂਡ ’ਚ ਪੱਧਰ ਸਥਿਰ ਹੈ ਅਤੇ ਉੱਤਰ-ਪੱਛਮੀ ਇੰਗਲੈਂਡ ’ਚ ਗਿਰਾਵਟ ਦਰਜ ਕੀਤੀ ਗਈ ਹੈ।
ਲੰਡਨ 'ਚ ਕਾਮਨਵੈਲਥ ਨਰਸਾਂ ਦੇ ਸਨਮਾਨ 'ਚ ਬੁੱਤ ਦਾ ਉਦਘਾਟਨ
NEXT STORY