ਲੰਡਨ- ਵਿਗਿਆਨੀਆਂ ਨੇ ਕੋਰੋਨਾਵਾਇਰਸ ਨੂੰ ਲੈ ਕੇ ਬਹੁਤ ਵੱਡੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਵਿਗਿਆਨੀਆਂ ਦੇ ਮੁਤਾਬਕ ਕੋਰੋਨਾਵਾਇਰਸ ਨੂੰ ਰੋਕਣ ਦੇ ਲਈ ਕੀਤੇ ਜਾ ਰਹੇ ਤੇ ਕੀਤੇ ਗਏ ਉਪਾਅ ਕਾਫੀ ਨਹੀਂ ਹਨ। ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ, ਜਿਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾ ਰੱਖੀ ਹੈ, ਉਹ ਯੂਕੇ ਵਿਚ ਤਕਰੀਬਨ 2.5 ਲੱਖ ਲੋਕਾਂ ਦੀ ਜਾਨ ਲੈ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਹੋਰ ਸਖਤ ਕਦਮ ਨਾ ਚੁੱਕੇ ਗਏ ਤਾਂ ਅੰਜਾਮ ਬਹੁਤ ਬੁਰਾ ਹੋ ਸਕਦਾ ਹੈ। ਇਹਨਾਂ ਸਖਤ ਕਦਮਾਂ ਵਿਚ ਪੂਰੇ ਦੇਸ਼ ਨੂੰ ਬੰਦ ਕਰਨ ਜਿਹੇ ਸੁਝਾਅ 'ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ।
ਮੈਟ੍ਰੋ ਅਖਬਾਰ ਮੁਕਾਬਕ ਇੰਪੀਰੀਅਲ ਕਾਲਜ (ਕੋਵਿਡ-19 ਪ੍ਰਤੀਕਿਰਿਆ ਟੀਮ) ਨੇ ਦੇਸ਼ ਦੇ ਮੰਤਰੀਆਂ ਨੂੰ ਦੱਸਿਆ ਕਿ ਸਰਕਾਰ ਵਲੋਂ ਲਏ ਗਏ ਫੈਸਲੇ, ਜਿਸ ਵਿਚ ਲੋਕਾਂ ਨੂੰ ਦੂਰ ਰੱਖਣਾ ਸ਼ਾਮਲ ਹੈ, ਦੇ ਬਾਵਜੂਦ ਵੀ ਹਾਲਾਤ ਵਿਗੜ ਰਹੇ ਹਨ। ਆਪਣੀ ਇਕ ਨਵੀਂ ਰਿਪੋਰਟ ਵਿਚ ਟੀਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਾਅ ਨੂੰ ਸੰਭਾਵਿਤ ਰੂਪ ਨਾਲ 18 ਮਹੀਨੇ ਜਾਂ ਉਸ ਤੋਂ ਵਧੇਰੇ ਸਮੇਂ ਤੱਕ ਬਣਾਏ ਰੱਖਣਾ ਹੋਵੇਗਾ ਜਦੋਂ ਤੱਕ ਇਕ ਪ੍ਰਭਾਵੀ ਟੀਕਾ ਮੁਹੱਈਆ ਨਾ ਹੋ ਜਾਵੇ।
ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਆਮ ਜ਼ਿੰਦਗੀ 'ਤੇ ਰੋਕ ਲਾਉਣ ਤੋਂ ਬਾਅਦ ਵੀ ਬ੍ਰਿਟੇਨ ਵਿਚ ਕੋਰੋਨਾਵਾਇਰਸ ਆਪਣਾ ਜ਼ਹਿਰ ਫੈਲਾ ਸਕਦਾ ਹੈ, ਜਿਸਦਾ ਪ੍ਰਭਾਵ ਵਧਣ ਦੀ ਸੰਭਾਵਨਾ ਹੈ। ਇਥੋਂ ਤੱਕ ਕਿ ਜੇਕਰ ਸਾਰੇ ਰੋਗੀਆਂ ਦੇ ਇਲਾਜ ਵਿਚ ਸਮਰਥ ਵੀ ਹੋ ਜਾਂਦੇ ਹਾਂ ਤਾਂ ਵੀ ਗ੍ਰੇਟ ਬ੍ਰਿਟੇਨ ਵਿਚ 2.5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਇਸ ਬੀਮਾਰੀ ਦੇ ਪ੍ਰਸਾਰ 'ਤੇ ਕੰਟਰੋਲ ਕਰਨ ਲਈ ਕਈ ਵੱਡੇ ਫੈਸਲੇ ਲਏ ਸਨ। ਉਹਨਾਂ ਨੇ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 55 ਹੋਣ ਦਾ ਐਲਾਨ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੱਬ, ਕਲੱਬਾਂ ਤੇ ਸਿਨੇਮਾਘਰਾਂ ਤੋਂ ਦੂਰ ਰਹਿਣ ਤੇ ਸਾਰੇ ਗੈਰ-ਜ਼ਰੂਰੀ ਸੰਪਰਕਾਂ ਤੇ ਯਾਤਰਾ ਤੋਂ ਬਚਣ ਦਾ ਸੱਦਾ ਦਿੱਤਾ ਹੈ।
ਦੱਸ ਦਈਏ ਕਿ ਬ੍ਰਿਟੇਨ ਦੀ ਸਿਹਤ ਮੰਤਰੀ ਨਦੀਨ ਡਾਰਿਸ ਵੀ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਈ ਸੀ, ਉਹਨਾਂ ਦਾ ਟੈਸਟ ਪਾਜ਼ੀਟਿਵ ਮਿਲਿਆ ਸੀ। ਡਾਰਿਸ ਨੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਜਾਣਕਾਰੀ ਖੁਦ ਸਾਂਝੀ ਕੀਤੀ ਸੀ। ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਦੇ ਨਾਲ-ਨਾਲ ਬ੍ਰਿਟੇਨ ਵਿਚ ਵੀ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ।
ਜਾਣੋ ਕਿੰਨੇ ਸਮੇਂ ਤੱਕ ਜਿਉਂਦਾ ਰਹਿ ਸਕਦੈ ਕੋਰੋਨਾਵਾਇਰਸ
NEXT STORY