ਹਾਲੇ (ਬਿਊਰੋ)— ਮਾਲਦੀਵ ਦੀ ਉੱਚ ਅਦਾਲਤ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਦੇਸ਼ ਦੇ 9 ਮਹੱਤਵਪੂਰਣ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਇਸ ਫੈਸਲੇ ਨਾਲ ਦੇਸ਼ ਨਿਕਾਲਾ ਦਿੱਤੇ ਗਏ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਦੀ ਸੱਤਾ ਵਿਚ ਵਾਪਸੀ ਦਾ ਰਸਤਾ ਸਾਫ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉੱਚ ਅਦਾਲਤ ਦੇ ਇਸ ਫੈਸਲੇ ਦੇ ਬਾਅਦ ਨਸ਼ੀਦ ਹੁਣ ਰਾਸ਼ਟਰਪਤੀ ਚੋਣ ਲੜ ਸਕਦੇ ਹਨ। ਸੰਯੁਕਤ ਵਿਰੋਧੀ ਧਿਰ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। 9 ਸਿਆਸੀ ਕੈਦੀਆਂ ਦੀ ਰਿਹਾਈ ਮਗਰੋਂ ਵਿਰੋਧੀ ਧਿਰ ਨੂੰ ਸੰਸਦ ਵਿਚ ਬਹੁਮਤ ਪ੍ਰਾਪਤ ਹੋ ਜਾਵੇਗਾ। ਇਸ ਸਥਿਤੀ ਵਿਚ ਉਹ ਮੌਜੂਦਾ ਰਾਸ਼ਟਰਪਤੀ ਅਬਦੁੱਲਾ ਯਾਮਾਨ ਤੋਂ ਅਹੁਦਾ ਛੱਡਣ ਦੀ ਮੰਗ ਕਰ ਰਿਹਾ ਹੈ। ਵਿਰੋਧੀ ਧਿਰ ਨੇ ਇਕ ਬਿਆਨ ਵਿਚ ਕਿਹਾ,''ਸੁਪਰੀਮ ਕੋਰਟ ਦਾ ਫੈਸਲਾ ਪ੍ਰਭਾਵੀ ਤੌਰ 'ਤੇ ਰਾਸ਼ਟਰਪਤੀ ਯਾਮੀਨ ਦੇ ਮਨਮਾਨੇ ਸ਼ਾਸਨ ਨੂੰ ਖਤਮ ਕਰਦਾ ਹੈ।''
ਦੇਰ ਰਾਤ ਪੁਲਸ ਨੇ ਜਸ਼ਨ ਮਨਾ ਰਹੇ ਨਸ਼ੀਦ ਦੇ ਸਮਰਥਕਾਂ 'ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਭਾਰਤ ਸਮਰਥਕ ਸਮਝੇ ਜਾਣ ਵਾਲੇ ਨਸ਼ੀਦ ਨੇ ਟਵੀਟ ਕਰ ਕੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਖਬਰਾਂ ਮੁਤਾਬਕ ਇਸ ਫੈਸਲੇ ਦੇ ਬਾਅਦ ਰਾਸ਼ਟਰਪਤੀ ਯਾਮੀਨ ਨੇ ਪੁਲਸ ਕਮਿਸ਼ਨਰ ਅਹਿਮਦ ਆਰਿਫ ਨੂੰ ਵੀ ਬਰਖਾਸਤ ਕਰ ਦਿੱਤਾ ਹੈ। ਮਾਲਦੀਵ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਵੈਧਤਾ 'ਤੇ ਵੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਮਾਲਦੀਵ ਪੁਲਸ ਨੇ ਸਾਫ ਕਰ ਦਿੱਤਾ ਕਿ ਉਹ ਅਦਾਲਤ ਦੇ ਫੈਸਲੇ ਦਾ ਪਾਲਨ ਕਰੇਗੀ। ਮਾਲਦੀਵ ਦੇ ਪ੍ਰਭਾਵਸ਼ਾਲੀ ਨੇਤਾ ਮੌਮੂਨ ਅਬਦੁੱਲ ਗਊਮ ਨੇ ਵੀ ਟਵੀਟ ਕਰ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਨਸ਼ੀਦ ਨੂੰ ਸਾਲ 2012 ਵਿਚ ਤਖਤਾ ਪਲਟ ਕਰ ਕੇ ਰਾਸ਼ਟਰਪਤੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਨਸ਼ੀਦ ਨੂੰ ਸਾਲ 2015 ਵਿਚ ਅੱਤਵਾਦ ਦੇ ਦੋਸ਼ਾਂ ਵਿਚ 13 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਮਗਰੋਂ ਉਹ ਬੀਤੇ ਸਾਲ ਲੰਡਨ ਵਿਚ ਆਪਣਾ ਇਲਾਜ ਕਰਵਾਉਣ ਗਏ ਸਨ। ਬ੍ਰਿਟੇਨ ਨੇ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਸ਼ਰਨ ਦਿੱਤੀ ਹੋਈ ਸੀ।
ਦੱਖਣੀ ਅਫਰੀਕਾ 'ਚ ਸੋਨੇ ਦੀ ਖਾਨ 'ਚ ਫਸੇ 1000 ਕਰਮਚਾਰੀ ਕੱਢੇ ਗਏ ਬਾਹਰ
NEXT STORY