ਰੋਮ (ਕੈਂਥ)-ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਉੱਪਰ ਆਨਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਾਹਿਤਕ ਸਮਾਗਮ ’ਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੀ ਕਾਵਿ ਪੁਸਤਕ ‘ਸੁਰਤਾਲ’ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਅਤੇ ਮੁੱਖ ਬੁਲਾਰੇ ਦੇ ਤੌਰ ’ਤੇ ਪ੍ਰਿੰਸੀਪਲ ਗੁਰਇਕਬਾਲ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਵੱਸਦੇ ਉੱਘੇ ਕਵੀ ਤੇ ਲੇਖਕ ਮੋਹਨ ਗਿੱਲ ਅਤੇ ਪੰਚਨਾਦ ਜਰਮਨੀ ਦੇ ਪ੍ਰਧਾਨ ਅਮਜ਼ਦ ਆਰਫੀ ਨੇ ਸ਼ਿਰਕਤ ਕੀਤੀ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਣ ’ਚ ਸਭ ਨੂੰ ਜੀ ਆਇਆਂ ਆਖਿਆ। ਡਾ. ਸ. ਪ. ਸਿੰਘ ਨੇ ਇਸ ਦਿਨ ਅਧਿਆਪਕ ਦਿਵਸ ’ਤੇ ਇਸ ਸਮਾਗਮ ਦਾ ਰਚਾਇਆ ਜਾਣਾ ਇੱਕ ਸ਼ੁੱਭ ਸ਼ਗਨ ਦੱਸਿਆ ਤੇ ਸਭ ਨੂੰ ਇਸ ਦਿਨ ਦੀ ਵਧਾਈ ਦਿੱਤੀ। ਪ੍ਰਿੰਸੀਪਲ ਗੁਰਇਕਬਾਲ ਸਿੰਘ ਨੇ ਬਹੁਤ ਵਿਸਥਾਰ ਨਾਲ ਪ੍ਰੋ. ਗੁਰਭਜਨ ਗਿੱਲ ਦੀ ਕਾਵਿ ਪੁਸਤਕ ‘ਸੁਰਤਾਲ’’ਤੇ ਵਿਚਾਰ ਚਰਚਾ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖਸੀਅਤ ਬਾਰੇ ਵੀ ਬੜੀ ਸ਼ਿੱਦਤ ਨਾਲ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਪ੍ਰੋ. ਗਿੱਲ ਦੀ ਸ਼ਾਇਰੀ ਜਿੱਥੇ ਪ੍ਰਪੱਕ ਅਤੇ ਠੇਠ ਸ਼ਬਦ ਭੰਡਾਰ ਦਾ ਨਮੂਨਾ ਹੈ, ਉੱਥੇ ਹੀ ਉਨ੍ਹਾਂ ਨੇ ਦੁਨੀਆ ਭਰ ’ਚ ਪੰਜਾਬੀ ਪਿਆਰਿਆਂ ਦਾ ਨੈੱਟਵਰਕ ਸਥਾਪਿਤ ਕਰਨ ’ਚ ਵੀ ਵੱਡੀ ਭੂਮਿਕਾ ਨਿਭਾਈ ਹੈ। ਮੋਹਨ ਗਿੱਲ ਨੇ ਪ੍ਰੋ. ਗੁਰਭਜਨ ਗਿੱਲ ਨਾਲ ਬਿਤਾਏ ਕਾਲਜ ਦੇ ਸਮੇਂ ਦੀਆਂ ਯਾਦਾਂ ਅਤੇ ਉਨ੍ਹਾਂ ਦੀ ਉੱਚੀ-ਸੁੱਚੀ ਸ਼ਖਸੀਅਤ ਨੂੰ ਕਾਵਿ ਸ਼ੈਲੀ ਰਾਹੀਂ ਪੇਸ਼ ਕਰ ਕੇ ਸਭ ਦੀ ਵਾਹ-ਵਾਹ ਖੱਟੀ। ਅਮਜਦ ਆਰਫੀ ਨੇ ਠੇਠਤਾ ਭਰੇ ਸ਼ਬਦਾਂ ਅਤੇ ਕਾਵਿਕ ਅੰਦਾਜ਼ ’ਚ ਪ੍ਰੋ. ਗਿੱਲ ਦੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਵੀ ਗਿੱਲ ਸਾਹਿਬ ਵਾਰੇ ਖੂਬਸੂਰਤ ਕਾਵਿ ਚਿੱਤਰਣ ਪੇਸ਼ ਕੀਤਾ। ਡਾ. ਸ. ਪ. ਸਿੰਘ ਨੇ ਪ੍ਰੋ. ਗਿੱਲ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਨਾਲ ਮੇਰਾ ਰਿਸ਼ਤਾ ਕਾਲਜ ਸਮੇਂ ਦਾ ਹੈ, ਜੋ ਅੱਜ ਵੀ ਨਿੱਘੇ ਸਬੰਧਾਂ ਨਾਲ ਲਬਰੇਜ਼ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਗੁਰਭਜਨ ਗਿੱਲ ਮੇਰਾ ਵਿਦਿਆਰਥੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਸ ਸਮੇਂ ਪ੍ਰੋ. ਗੁਰਭਜਨ ਗਿੱਲ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਦੀ ਅਗਵਾਈ ਸਦਕਾ ਵਿਸ਼ਵ ਪੱਧਰ ਦਾ ਮੰਚ ਉਸਾਰ ਸਕਣਾ ਸੰਭਵ ਹੋਇਆ ਹੈ, ਜਿਸ ਉੱਪਰ ਉਨ੍ਹਾਂ ਦੀ ਕਿਤਾਬ ਸੁਰਤਾਲ ਤੇ ਗੱਲਬਾਤ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਵਿਚਾਰ ਚਰਚਾ ’ਤੇ ਤਸੱਲੀ ਪ੍ਰਗਟਾਉਂਦਿਆਂ ਸਭਾ ਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਇਹ ਸਮਾਗਮ ਇੱਕ ਗੁਲਦਸਤੇ ਵਰਗਾ ਹੈ, ਜਿਸ ’ਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਰੰਗ ਹਨ। ਇਹ ਵੀ ਕਿਹਾ ਕਿ ਮੈਨੂੰ ਮਾਣ ਹੈ ਕਿ ਸਮੁੰਦਰੋਂ ਪਾਰ ਸਾਗਰਾਂ ’ਚ ਵਸਦਾ ਪੰਜਾਬ ਜਿੱਥੇ ਹੋਰ ਖੇਤਰਾਂ ’ਚ ਤਰੱਕੀਆਂ ਕਰ ਰਿਹਾ ਹੈ, ਉਥੇ ਸਾਹਿਤ ਤੇ ਸੱਭਿਆਚਾਰ ਵੱਲੋਂ ਵੀ ਅਵੇਸਲਾ ਨਹੀਂ, ਸਾਨੂੰ ਅੱਜ ਦੇ ਇਸ ਗਲੋਬਲੀ ਸੰਸਾਰ ’ਚ ਹੋਰ ਵੀ ਇੱਕਜੁਟ ਹੋ ਕੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਗੱਲਬਾਤ ਦੌਰਾਨ ਪ੍ਰੋ. ਗੁਰਭਜਨ ਗਿੱਲ ਦੀਆਂ ਵੱਖ-ਵੱਖ ਗ਼ਜ਼ਲਾਂ ਨੂੰ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ, ਜਸਵੀਰ ਸਿੰਘ ਕੂਨਰ ਡਰਬੀ ਅਤੇ ਗੁਰਸ਼ਰਨ ਸਿੰਘ ਬਰਮਿੰਗਮ ਨੇ ਤਰੰਨੁਮ ’ਚ ਗਾ ਕੇ ਇੱਕ ਨਵਾਂ ਤੇ ਸੁਰਮਈ ਰੰਗ ਭਰਨ ’ਚ ਅਹਿਮ ਭੂਮਿਕਾ ਨਿਭਾਈ। ਦਲਜਿੰਦਰ ਰਹਿਲ ਨੇ ਆਪਣੇ ਨਿਵੇਕਲੇ ਅਤੇ ਕਾਵਿਕ ਅੰਦਾਜ਼ ’ਚ ਸਮੁੱਚੇ ਸਮਾਗਮ ਦਾ ਸੰਚਾਲਨ ਕਰਦਿਆਂ ਸਭ ਦੀ ਵਾਹ-ਵਾਹ ਪ੍ਰਾਪਤ ਕੀਤੀ। ਸਭਾ ਦੇ ਮੰਚ ਵੱਲੋਂ ਇਸ ਸਮੇਂ ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖਰ ਬਾਬਾ ਨਜ਼ਮੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਪੇਸ਼ ਕੀਤੀ। ਇਸ ਸਮੇਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ’ਚ ਬਿੰਦਰ ਕੋਲੀਆਂਵਾਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ, ਪ੍ਰੋ. ਜਸਪਾਲ ਸਿੰਘ ਆਦਿ ਨੇ ਆਪਣੀ ਹਾਜ਼ਰੀ ਲਗਵਾਉਂਦਿਆਂ ਪ੍ਰੋ. ਗੁਰਭਜਨ ਗਿੱਲ ਨੂੰ ਵਧਾਈ ਪੇਸ਼ ਕੀਤੀ।
ਸਿੰਗਾਪੁਰ ਪ੍ਰਵਾਸੀ ਨਾਗਰਿਕਾਂ 'ਤੇ ਲੱਗੀਆਂ ਪਾਬੰਦੀਆਂ 'ਚ ਸੋਮਵਾਰ ਤੋਂ ਦੇਵੇਗਾ ਢਿੱਲ
NEXT STORY