ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਪਾਕਿਸਾਤਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਿੰਧ ਸੂਬੇ ਵਿੱਚ ਡੇਂਗੂ ਕਾਰਨ ਪਿਛਲੇ 24 ਘੰਟਿਆਂ ਦੌਰਾਨ 2 ਔਰਤਾਂ ਸਣੇ 3 ਹੋਰ ਮੌਤਾਂ ਹੋ ਗਈਆਂ ਹਨ। ਇਸ ਤਰ੍ਹਾਂ ਡੇਂਗੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋ ਗਈ ਹੈ।
ਸੂਬਾਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਹੈਦਰਾਬਾਦ ਵਿੱਚ ਇੱਕ 50 ਸਾਲਾ ਵਿਅਕਤੀ ਅਤੇ ਇੱਕ 80 ਸਾਲਾ ਔਰਤ ਦੀ ਮੌਤ ਹੋਈ ਹੈ, ਜਦੋਂ ਕਿ ਕਰਾਚੀ ਵਿੱਚ ਇੱਕ 55 ਸਾਲਾ ਔਰਤ ਦੀ ਜਾਨ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਸਿੰਧ ਵਿੱਚ 180 ਨਵੇਂ ਡੇਂਗੂ ਕੇਸ ਦਰਜ ਕੀਤੇ ਗਏ ਹਨ। ਸਿੰਧ ਸੂਬੇ ਵਿੱਚ ਇਸ ਸਾਲ ਹੁਣ ਤੱਕ ਕੁੱਲ 11,763 ਡੇਂਗੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਇਕੱਲੇ ਨਵੰਬਰ ਮਹੀਨੇ ਵਿੱਚ ਹੀ 6,199 ਮਾਮਲੇ ਸਾਹਮਣੇ ਆਏ ਹਨ।
ਮੌਜੂਦਾ ਸਮੇਂ ਵਿੱਚ ਸੂਬੇ ਭਰ ਵਿੱਚ ਕੁੱਲ 241 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕਰਾਚੀ ਡਿਵੀਜ਼ਨ ਵਿੱਚ 44 ਅਤੇ ਹੈਦਰਾਬਾਦ ਵਿੱਚ 35 ਮਰੀਜ਼ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹਨ। ਪਿਛਲੇ ਦਿਨ 5,229 ਡਾਇਗਨੌਸਟਿਕ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 774 ਪਾਜ਼ੇਟਿਵ ਪਾਏ ਗਏ।
ਸਿੰਧ ਵਿੱਚ ਡੇਂਗੂ ਦੀ ਮਹਾਂਮਾਰੀ ਡੂੰਘੀ ਹੋਣ ਕਾਰਨ, ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (PMA) ਨੇ ਸਰਕਾਰ ਨੂੰ ਤੁਰੰਤ ਕਰਾਚੀ ਅਤੇ ਹੈਦਰਾਬਾਦ ਵਿੱਚ ਸਿਹਤ ਐਮਰਜੈਂਸੀ ਐਲਾਨਣ ਦੀ ਅਪੀਲ ਕੀਤੀ ਹੈ। ਇਹ ਦੋਵੇਂ ਡਿਵੀਜ਼ਨ ਮੱਛਰਾਂ ਤੋਂ ਫੈਲਣ ਵਾਲੀ ਇਸ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ।
PMA ਨੇ ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਸਰਕਾਰੀ ਤੰਤਰ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੇਂਗੂ ਐਮਰਜੈਂਸੀ ਕੋਈ ਕੁਦਰਤੀ ਆਫ਼ਤ ਨਹੀਂ ਹੈ, ਬਲਕਿ ਸੰਸਥਾਗਤ ਅਣਗਹਿਲੀ ਦਾ ਸਿੱਧਾ ਨਤੀਜਾ ਹੈ। PMA ਨੇ ਮੰਗ ਕੀਤੀ ਹੈ ਕਿ ਡੇਂਗੂ ਕੰਟਰੋਲ ਪ੍ਰੋਗਰਾਮ ਦੀ ਇੱਕ ਸੁਤੰਤਰ ਸਮੀਖਿਆ ਕੀਤੀ ਜਾਵੇ ਅਤੇ ਮਿਉਂਸਿਪਲ ਤੇ ਸਿਹਤ ਵਿਭਾਗਾਂ ਵਿੱਚ ਜ਼ਿਆਦਾ ਜਵਾਬਦੇਹੀ ਤੈਅ ਕੀਤੀ ਜਾਵੇ।
ਅਧਿਕਾਰੀਆਂ ਨੇ ਲੋਕਾਂ ਨੂੰ ਰੋਕਥਾਮ ਦੇ ਉਪਾਅ ਅਪਣਾਉਣ, ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਹਟਾਉਣ ਅਤੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ।
ਪੰਜਾਬ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਇਟਲੀ ਪੁਲਸ ’ਚ ਭਰਤੀ ਹੋ ਕੇ ਚਮਕਾਇਆ ਨਾਂ
NEXT STORY