ਵਾਸ਼ਿੰਗਟਨ- ਤੰਦਰੁਸਤ ਅਤੇ ਨਿਰੋਗ ਰਹਿਣ ਲਈ ਕਸਰਤ ਬੇਹੱਦ ਜ਼ਰੂਰੀ ਹੈ। ਕਈ ਖੋਜਾਂ ’ਚ ਸਾਬਤ ਹੋ ਚੁੱਕਾ ਹੈ ਕਿ ਸਰੀਰਕ ਰੂਪ ਨਾਲ ਐਕਟਿਵ ਲੋਕਾਂ ’ਚ ਹੋਰਨਾਂ ਦੇ ਮੁਕਾਬਲੇ ਦਿਲ ਦੇ ਰੋਗ, ਮੋਟਾਪੇ ਅਤੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਬਹੁਤ ਘੱਟ ਰਹਿੰਦਾ ਹੈ। ਹਾਲਾਂਕਿ ਸਾਡੇ ਮਨ ’ਚ ਇਹ ਸਵਾਲ ਜ਼ਰੂਰ ਰਹਿੰਦਾ ਹੈ ਕਿ ਅਖੀਰ ਕਿੰਨੀ ਦੇਰ ਤੱਕ ਕਸਰਤ ਕਰਨ ਨਾਲ ਅਸੀਂ ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਬਚ ਕੇ ਲੰਮਾ ਜੀਵਨ ਬਿਤਾ ਸਕਦੇ ਹਾਂ।
ਹਾਰਵਰਡ ਯੂਨਿਵਰਸਿਟੀ ਦੀ ਪ੍ਰੋਫੈਸਰ ਆਈ-ਮੀਨ ਲੀ ਨੇ ਆਪਣੀ ਰਿਸਰਚ ’ਚ ਇਸ ਦਾ ਜਵਾਬ ਲੱਭ ਲਿਆ ਹੈ। ਉਨ੍ਹਾਂ ਮੁਤਾਬਕ ਦਿਨ ’ਚ ਸਿਰਫ ਕੁੱਝ ਹਜ਼ਾਰ ਕਦਮ ਚੱਲਣ ਨਾਲ ਹੀ ਬਜ਼ੁਰਗ ਔਰਤਾਂ ਸਿਹਤਮੰਦ ਰਹਿੰਦੇ ਹੋਏ ਲੰਮਾ ਜੀਵਨ ਬਿਤਾ ਸਕਦੀਆਂ ਹਨ। ਮਰਦਾਂ ਅਤੇ ਨੌਜਵਾਨਾਂ ਲਈ ਇਹ ਕਿੰਨਾ ਕਾਰਗਰ ਹੈ, ਇਸ ਦਾ ਅਜੇ ਪਤਾ ਨਹੀਂ ਲੱਗਾ ਹੈ। ਉਥੇ ਹੀ ਕਈ ਲੋਕ ਮੰਨਦੇ ਹਨ ਕਿ ਤੰਦਰੁਸਤ ਰਹਿਣ ਲਈ ਰੋਜ਼ਾਨਾ 10 ਹਜ਼ਾਰ ਕਦਮ ਚੱਲਣਾ ਜ਼ਰੂਰੀ ਹੈ। ਮੌਜੂਦਾ ’ਚ ਕਈ ਅਜਿਹੇ ਉਪਕਰਣ ਅਤੇ ਐਪ ਵੀ ਉਪਲੱਬਧ ਹਨ, ਜਿਨ੍ਹਾਂ ਨਾਲ ਵਿਅਕਤੀ ਆਪਣੇ 10 ਹਜ਼ਾਰ ਕਦਮਾਂ ਦਾ ਹਿਸਾਬ ਰੱਖ ਸਕਦਾ ਹੈ। ਕਿਸੇ ਰਿਸਰਚ ’ਚ ਹਾਲਾਂਕਿ ਇਸ ਗੱਲ ਨੂੰ ਪ੍ਰਮਾਣਿਤ ਨਹੀਂ ਕੀਤਾ ਗਿਆ ਹੈ।
ਤਾਜ਼ਾ ਰਿਸਰਚ ’ਚ 10 ਹਜ਼ਾਰ ਕਦਮ ਦੇ ਪੈਮਾਨੇ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਖੋਜੀਆਂ ਅਨੁਸਾਰ ਜੇਕਰ ਕੋਈ ਔਰਤ ਦਿਨ ’ਚ 10 ਹਜ਼ਾਰ ਕਦਮ ਨਾਲੋਂ ਘੱਟ ਵੀ ਚੱਲਦੀ ਹੈ ਤਾਂ ਵੀ ਉਸ ਦੀ ਸਿਹਤ ’ਚ ਸੁਧਾਰ ਆ ਸਕਦਾ ਹੈ।
ਘਰ ’ਚ ਟਹਿਲਦਿਆਂ ਵੀ ਰਿਹਾ ਜਾ ਸਕਦੈ ਤੰਦਰੁਸਤ
ਰਿਸਰਚ ਦੌਰਾਨ 70 ਤੋਂ ਜ਼ਿਆਦਾ ਉਮਰ ਦੀਆਂ 17,000 ਔਰਤਾਂ ਦੀ ਸਿਹਤ ਨਾਲ ਜੁਡ਼ੇ ਅੰਕੜੇ ਅਤੇ ਰੋਜ਼ਾਨਾ ਉਨ੍ਹਾਂ ਵਲੋਂ ਚੱਲੇ ਗਏ ਕਦਮਾਂ ਦਾ ਰਿਕਾਰਡ ਇਕੱਠਾ ਕੀਤਾ ਗਿਆ। ਖੋਜੀਆਂ ਨੇ ਇਸ ਗੱਲ ਦੀ ਜਾਣਕਾਰੀ ਜੁਟਾਈ ਕਿ ਉਨ੍ਹਾਂ ਸਾਰੇ ਪ੍ਰਤੀਭਾਗੀ ਔਰਤਾਂ ’ਚੋਂ ਕਿੰਨੀਆਂ ਦੀ ਅਗਲੇ 4-5 ਸਾਲਾਂ ’ਚ ਮੌਤ ਹੋਈ। ਰਿਸਰਚ ਦੇ ਅੰਤ ’ਚ ਇਹ ਨਤੀਜਾ ਨਿਕਲਿਆ ਕਿ ਰੋਜ਼ਾਨਾ 2700 ਕਦਮ ਤੋਂ ਵੀ ਘੱਟ ਚੱਲਣ ਵਾਲੀਆਂ ਔਰਤਾਂ ’ਚ ਡਾਇਬਟੀਜ਼ ਅਤੇ ਹੋਰ ਬੀਮਾਰੀਆਂ ਦੇ ਨਾਲ ਜਲਦੀ ਮੌਤ ਦਾ ਖ਼ਤਰਾ ਰਹਿੰਦਾ ਹੈ। ਉਥੇ ਹੀ ਜੇਕਰ ਔਰਤਾਂ ਰੋਜ਼ਾਨਾ 4500 ਕਦਮ ਚੱਲਣ ਤਾਂ ਉਨ੍ਹਾਂ ਦੀ ਬੇਵਕਤੀ ਮੌਤ ਦਾ ਖ਼ਤਰਾ 40 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਪ੍ਰੋ. ਲੀ ਨੇ ਇਹ ਵੀ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਔਰਤਾਂ 4500 ਕਦਮ ਦੌੜਦੇ ਹੋਏ ਪੂਰਾ ਕਰਨ। ਉਹ ਘਰ ’ਚ ਟਹਿਲਦਿਆਂ ਵੀ ਤੰਦਰੁਸਤ ਰਹਿ ਸਕਦੀਆਂ ਹਨ।
15 ਸਾਲ 'ਚ 100 ਅਰਬ ਡਾਲਰ ਦਾ ਹੋ ਸਕਦੈ 'ਮਾਸ' ਦਾ ਬਜ਼ਾਰ
NEXT STORY