ਟੋਰਾਂਟੋ - 21 ਅਕਤੂਬਰ ਨੂੰ ਕੈਨੇਡਾ ਦੀ 47ਵੀਂ ਫੈਡਰਲ ਸਰਕਾਰ ਚੁਣੇ ਜਾਣ ਦੀ ਪ੍ਰੀਕਿਰਿਆ ਨੂੰ ਕੈਨੇਡਾ ਦੇ ਵੋਟਰ ਅੰਜਾਮ ਦੇਣ ਜਾ ਰਹੇ ਹਨ। ਜਦੋਂ ਕਿ ਇੱਥੋਂ ਦੀ ਚਾਰ ਦਿਨਾਂ ਹੋਈ ਐਡਵਾਂਸ ਪੋਲਿੰਗ ਜਿਸ ਵਿਚ ਕੁਲ ਵੋਟਰਾਂ ਦਾ 29 ਫੀਸਦੀ ਅਤੇ 4.7 ਮਿਲੀਅਨ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਐਡਵਾਂਸ ਪੋਲਿੰਗ ’ਚ ਏਡੀ ਵੱਡੀ ਗਿਣਤੀ ’ਚ ਜੋ ਕਿ ਐਡਵਾਂਸ ਪੋਲਿੰਗ ਦੇ ਬੀਤੇ ਸਾਰੇ ਰਿਕਾਰਡ ਟੁੱਟਣਾ ਕਿਸੇ ਵੱਡੇ ਬਦਲਾਅ ਦਾ ਸੂਚਕ ਹੈ। ਕੈਨੇਡਾ ਦੀਆਂ ਵੱਖ-ਵੱਖ ਪੋਲ ਏਜੰਸੀਆਂ ਵੱਲੋਂ ਜਾਰੀ ਕੀਤੀਆਂ ਕੱਲ ਤੱਕ ਦੀਆਂ ਰਿਪੋਰਟਾਂ ਅਨੁਸਾਰ ਮੁੱਖ ਮੁਕਾਬਲਾ ਇਸ ਵੇਲੇ ਰਾਜ ਕਰ ਰਹੇ ਲਿਬਰਲਾਂ ਜਿਨ੍ਹਾਂ ਦੀ ਅਗਵਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਜਿਸ ਦੀ ਅਗਵਾਈ ਐਂਡਰੀਓ ਸ਼ੀਅਰ ਕਰ ਰਹੇ ਹਨ ਅਤੇ ਉਹ ਕੈਨੇਡਾ ਦੀ ਸੰਸਦ ਵਿਚ ਮੁੱਖ ਵਿਰੋਧੀ ਧਿਰ ਵਜੋਂ ਵੀ ਵਿਚਰ ਰਹੇ ਹਨ।ਇਨ੍ਹਾਂ ਚੋਣਾਂ ’ਚ ਭਾਗ ਲੈਣ ਵਾਲੀ ਤੀਸਰੀ ਪਾਰਟੀ ਐੱਨ. ਡੀ. ਪੀ. ਹੈ ਜਿਸ ਦੇ ਮੁਖੀ ਵਜੋਂ ਇਕ ਸਾਬਤ ਸੂਰਤ ਸਿੱਖ ਅਤੇ ਕਿੱਤੇ ਵਜੋਂ ਵਕੀਲ ਜਗਮੀਤ ਸਿੰਘ ਹਨ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਦੀ ਲਈ ਵੀ ਉਮੀਦਵਾਰ ਹਨ ਜਿਨ੍ਹਾਂ ’ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਹਨ। ਇਨ੍ਹਾਂ ਤਿੰਨ ਪਾਰਟੀਆਂ ਤੋਂ ਇਲਾਵਾ ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਵੀ ਚੋਣ ਮੈਦਾਨ ਵਿਚ ਹੈ।
ਇਨ੍ਹਾਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਵੱਲੋਂ ਲੋਕ ਹਿੱਤਾਂ ਦੀ ਗੱਲ ਕਰਨ ਦੀ ਬਜਾਏ ਲੀਡਰਾਂ ਵੱਲੋਂ ਇਕ-ਦੂਜੇ ’ਤੇ ਨਿੱਜੀ ਦੂਸ਼ਣਬਾਜੀ ਦੇ ਮਾਮਲੇ ਭਾਰੂ ਰਹੇ ਜਿਵੇਂ ਲਗਭਗ ਦੋ ਦਹਾਕੇ ਪਹਿਲਾਂ ਜਸਟਿਨ ਟਰੂਡੋ ਵੱਲੋਂ ਇਕ ਸਕੂਲ ’ਚ ਅਧਿਆਪਕ ਹੁੰਦਿਆਂ ਇਕ ਸੱਭਿਆਚਾਰਕ ਪ੍ਰੋਗਰਾਮ ਵਿਚ ਆਪਣਾ ਮੂੰਹ ਕਾਲਾ ਕਰਨਾ ਅਤੇ ਐਂਡਰੀਓ ਸ਼ੀਅਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣ ਦੇ ਬਾਵਜੂਦ ਦੋਹਰੀ ਨਾਗਰਿਕਤਾ ਰੱਖਣਾ, ਮਿਸੀਸਾਗਾ ’ਚ ਲਿਬਰਲ ਪਾਰਟੀ ਦੀ ਇਕ ਰੈਲੀ ’ਚ ਜਸਟਿਨ ਟਰੂਡੋ ਦਾ ਡੇਢ ਘੰਟਾ ਲੇਟ ਬੁਲੇਟ ਪਰੂਫ ਜੈਕਟ ਪਾ ਕੇ ਪੁੱਜਣਾ ਆਦਿ ਵਰਗੇ ਮੁੱਦੇ ਸੁਰਖੀਆਂ ਬਣੇ ਰਹੇ ਜਦੋਂ ਕਿ ਲੈਂਡਿਡ ਇਮੀਗਰਾਂਟਾਂ ਦੇ ਇਸ ਮੁਲਕ ’ਤੇ ਆਉਂਦੇ ਦਿਨਾਂ ’ਚ ਰਾਜ ਕਰਨ ਵਾਲੇ ਕਿਸੇ ਵੀ ਸੰਭਾਵੀ ਉਮੀਦਵਾਰ ਨੇ ਸਪੱਸ਼ਟ ਤੌਰ ’ਤੇ ਆਪਣੇ ਪੱਤੇ ਨਹੀਂ ਖੋਲ੍ਹੇ। ਭਾਰਤ ਸਮੇਤ ਦੁਨੀਆ ਭਰ ’ਚੋਂ ਲੱਖਾਂ ਵਿਦਿਆਰਥੀ ਇੱਥੇ ਪੜ੍ਹਨ ਲਈ ਆਏ ਪਰ ਉਨ੍ਹਾਂ ਦੇ ਭਵਿੱਖ ਅਤੇ ਦੁਨੀਆ ਭਰ ਤੋਂ ਮੰਗਵਾਏ ਗਏ ਲੱਖਾਂ ਪ੍ਰੋਫੈਸ਼ਨਲਜ਼ ਜਿਨ੍ਹਾਂ ਨੂੰ ਇੱਥੇ ਲਿਆਂਦਾ ਤਾਂ ਗਿਆ ਪਰ ਉਨ੍ਹਾਂ ਦੇ ਕਿੱਤੇ ਦਾ ਕੋਈ ਪ੍ਰਬੰਧ ਨਾ ਹੋਣ ਵਰਗੇ ਜਾਂ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਵੇਖਣ ਨੂੰ ਨਹੀਂ ਮਿਲਦੀ। ਚੇਤੇ ਰਹੇ ਅਜਿਹੇ ਦੁਨੀਆ ਭਰ ਤੋਂ ਆਉਣ ਵਾਲੇ ਲੱਖਾਂ ਲੋਕ ਆਉਂਦੀਆਂ ਚੋਣਾਂ ਤੱਕ ਇਸ ਮੁਲਕ ’ਚ ਸਿਟੀਜ਼ਨਸ਼ਿਪ ਲੈ ਕੇ ਵੋਟਰ ਬਣ ਸਕਦੇ ਹਨ ਅਤੇ ਇੱਥੋਂ ਦੇ ਰਾਜਨੀਤਕ ਭਵਿੱਖ ਲਈ ਫੈਸਲਾਕੁੰਨ ਵੀ ਸਾਬਤ ਹੋ ਸਕਦੇ ਹਨ ਪਰ ਕਿਸੇ ਵੀ ਧਿਰ ਨੇ ਉਨ੍ਹਾਂ ਲੋਕਾਂ ਬਾਰੇ ਆਪਣੇ ਮੈਨੀਫੈਸਟੋ ’ਚ ਸਪੱਸ਼ਟ ਨਹੀਂ ਕੀਤਾ।
ਕੈਨੇਡਾ ਦੀ ਸਰਕਾਰ ’ਤੇ ਕਾਬਜ਼ ਹੋਣ ਲਈ ਲੜ ਰਹੀਆਂ ਧਿਰਾਂ ਵੱਲੋਂ ਓਂਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਤਿੰਨ ਵੱਡੇ ਸੂਬਿਆਂ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਕਿਉਂਕਿ ਕੈਨੇਡਾ ਦੀ ਸਰਕਾਰ ’ਤੇ ਕਾਬਜ਼ ਹੋਣ ਲਈ ਇਹ ਤਿੰਨੇ ਸੂਬੇ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਪਾਰਲੀਮੈਂਟ ਦੀਆਂ 71 ਫੀਸਦੀ ਸੀਟਾਂ ਵੀ ਇਨ੍ਹਾਂ ਸੂਬਿਆਂ ’ਚ ਹਨ। ਨਵੇਂ ਆ ਰਹੇ ਐਗਜ਼ਿਟ ਪੋਲਾਂ ਅਨੁਸਾਰ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਵਿਚਾਲੇ ਕਾਂਟੇ ਦੀ ਟੱਕਰ ਹੈ, ਐੱਨ. ਡੀ. ਪੀ. ਅਤੇ ਗਰੀਨ ਪਾਰਟੀ ਨੂੰ ਤੀਜੇ ਅਤੇ ਚੌਥੇ ਨੰਬਰ ’ਤੇ ਵਿਖਾਇਆ ਜਾ ਰਿਹਾ ਹੈ, ਜਿਵੇਂ ਕਿ ਕੰਜ਼ਰਵੇਟਿਵ ਪਾਰਟੀ ਨੂੰ 32.1 ਫੀਸਦੀ ਲਿਬਰਲਾਂ ਨੰ 31.1 ਫੀਸਦੀ ਐੱਨ. ਡੀ. ਪੀ. ਨੂੰ 18.3 ਫੀਸਦੀ, ਅਤੇ ਗਰੀਨ ਪਾਰਟੀ ਨੂੰ 8.2 ਫੀਸਦੀ, ਬਲਾਕ ਨੂੰ 6.9 ਫੀਸਦੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ 2.6 ਫੀਸਦੀ ਕੈਨੇਡੀਅਨ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਕੈਨੇਡਾ ਵਿਚਲੇ ਰਾਜਨੀਤਕ ਮਾਹਿਰਾਂ ਅਨੁਸਾਰ ਲਿਬਰਲ ਘੱਟ ਗਿਣਤੀ ਸਰਕਾਰ ਵੀ ਬਣਾ ਸਕਦੇ ਹਨ। ਘੱਟ ਗਿਣਤੀ ਸਰਕਾਰ ਬਣਨ ਦੀ ਸੂਰਤ ਵਿਚ ਐੱਨ. ਡੀ. ਪੀ. ਮੁਖੀ ਨੇ ਆਪਣੇ ਪੱਤੇ ਖੋਲ੍ਹਦਿਆਂ ਸਪੱਸ਼ਟ ਕੀਤਾ ਕਿ ਉਹ ਲਿਬਰਲ ਦੀ ਮਦਦ ਕਰਨਗੇ ਅਤੇ ਬਾਹਰੋਂ ਮਦਦ ਕਰ ਕੇ ਲੋਕਾਂ ਦੀਆਂ ਮੰਗਾਂ ਮਨਵਾਉਣ ਦਾ ਯਤਨ ਕਰਨਗੇ। ਐੱਨ. ਡੀ. ਪੀ. ਮੁਖੀ ਜਗਮੀਤ ਸਿੰਘ ਦੇ ਇਸ ਬਿਆਨ ਨੇ ਕੈਨੇਡਾ ਵਿਚਲੇ ਡਾਵਾਂਡੋਲ ਵੋਟਰ ਜੋ ਲਿਬਰਲਾਂ ਦੇ ਖੇਮੇ ’ਚੋਂ ਨਿਕਲ ਕੇ ਐੱਨ. ਡੀ. ਪੀ. ਦੇ ਹੱਕ ’ਚ ਵੋਟ ਪਾਉਣ ਲਈ ਮਨ ਬਣਾ ਰਹੇ ਸਨ ਉਨ੍ਹਾਂ ਨੂੰ ਵੀ ਕਥਿੱਤ ਤੌਰ ’ਤੇ ਹੁਣ ਦੁਬਾਰਾ ਸੋਚਣਾ ਪੈ ਰਿਹਾ ਹੈ ਕਿ ਉਹ ਵੋਟ ਕਿਸ ਨੂੰ ਦੇਣ, ਜਦੋਂ ਕਿ ਚਾਹੀਦਾ ਇਹ ਸੀ ਇਸ ਬਾਰੇ ਜਗਮੀਤ ਸਿੰਘ ਸਮਾਂ ਆਉਣ ’ਤੇ ਹੀ ਆਪਣੀ ਪਾਲਿਸੀ ਬਿਆਨ ਕਰਦੇ। ਇਨ੍ਹਾਂ ਸਤਰਾਂ ਲਿਖੇ ਜਾਣ ਵੇਲੇ ਚੋਣਾਂ ਵਿਚ ਸਿਰਫ ਇਕ ਦਿਨ ਹੀ ਬਾਕੀ ਰਹਿ ਗਿਆ ਹੈ ਪਰ ਕੈਨੇਡੀਅਨ ਭਾਈਚਾਰੇ ਦੇ ਦਿਲਾਂ ’ਚ ਬੀਤੇ ਚਾਰ ਸਾਲਾਂ ਦੌਰਾਨ ਜਸਟਿਨ ਟਰੂਡੋ ਵੱਲੋਂ ਬੀਤੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਅਤੇ ਦਾਅਵਿਆਂ ਦੀ ਵਫਾਈ ਦਾ ਰਿਪੋਰਟ ਕਾਰਡ ਵੀ ਸੁਹਿਰਦ ਵੋਟਰਾਂ ਦੇ ਦਿਲਾਂ ’ਚ ਹੈ। 21 ਅਕਤੂਬਰ ਸ਼ਾਮ ਤੱਕ ਵੋਟਾਂ ਪੈਣ ਤੋਂ ਕੁਝ ਕੁ ਮਿੰਟਾਂ ਬਾਅਦ ਹੀ ਵੋਟ ਬਕਸੇ ਖੁੱਲ੍ਹਣ ’ਤੇ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। 21 ਅਕਤੂਬਰ ਰਾਤ ਦੇਰ ਰਾਤ ਤੱਕ ਇਹ ਸਪਸ਼ਟ ਹੋ ਜਾਵੇਗਾ ਕਿ ਕੈਨੇਡੀਅਨ ਵੋਟਰਾਂ ਵੱਲੋਂ ਕੈਨੇਡਾ ਦੀ ਕਿਸ ਪਾਰਟੀ ਨੂੰ ਕੈਨੇਡਾ ਦੀ ਮਾਲਕੀ ਦੀਆਂ ਚਾਬੀਆਂ ਮਿਲਦੀਆਂ ਹਨ ਅਤੇ ਅਗਲੇ ਚਾਰ ਸਾਲ ਲਈ ਕੌਣ ਬਣੇਗਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐਡਰੀਓ ਸ਼ੀਅਰ ਜਾਂ ਜਗਮੀਤ ਸਿੰਘ?
ਨਾਈਜੀਰੀਆ : ਸੜਕ ਦੁਰਘਟਨਾ 'ਚ 7 ਦੀ ਮੌਤ ਤੇ 3 ਜ਼ਖਮੀ
NEXT STORY