ਰਿਆਦ (ਬਿਊਰੋ)— ਸੁਧਾਰਾਂ ਵੱਲ ਵੱਧ ਰਹੇ ਸਾਊਦੀ ਅਰਬ ਵਿਚ ਇਸ ਵਾਰੀ ਔਰਤਾਂ ਲਈ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਸਾਊਦੀ ਅਰਬ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਪਹਿਲੀ ਵਾਰੀ ਮੈਰਾਥਨ ਵਿਚ ਭਾਗ ਲਿਆ। ਅਲ-ਅਹਸਾ-ਰਨਸ ਨਾਂ ਦੀ ਤਿੰਨ ਕਿਲੋਮੀਟਰ ਦੀ ਦੌੜ ਸ਼ਨੀਵਾਰ ਨੂੰ ਅਲ-ਅਹਸਾ ਦੇ ਪੂਰਬੀ ਸੂਬੇ ਵਿਚ ਹੋਈ। ਇਸ ਦੌੜ ਵਿਚ ਲੱਗਭਗ 1500 ਔਰਤਾਂ ਨੇ ਭਾਗ ਲਿਆ। ਇਸ ਦੌੜ ਵਿਚ ਹਰ ਵਰਗ ਦੀਆਂ ਔਰਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਪੇਸ਼ੇਵਰ, ਸ਼ੁਕੀਨ, ਬਜ਼ੁਰਗ ਅਤੇ ਜਵਾਨ ਆਦਿ ਸਨ। ਅਜਿਹਾ ਪਹਿਲੀ ਵਾਰੀ ਹੋਇਆ ਹੈ, ਜਦੋਂ ਇੱਥੇ ਇੰਨਾ ਵੱਡਾ ਆਯੋਜਨ ਕੀਤਾ ਗਿਆ ਹੈ। ਸਾਊਦੀ ਸਰਕਾਰ ਦੇ ਇਸ ਕਦਮ ਨੂੰ ਖੇਡਾਂ ਵਿਚ ਔਰਤਾਂ ਦੇ ਹਿੱਸਾ ਲੈਣ ਨੂੰ ਉਤਸ਼ਾਹਿਤ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਸ ਦੌੜ ਵਿਚ ਮਿਜ਼ਨਾ ਅਲ-ਨਾਸਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਨੇ 15 ਮਿੰਟਾਂ ਵਿਚ ਦੌੜ ਪੂਰੀ ਕਰ ਲਈ। ਖੇਡਾਂ ਦੇ ਸਾਊਦੀ ਜਨਰਲ ਡਾਇਰੈਕਟਰ ਅਤੇ ਅਲ-ਅਹਸਾ ਨਗਰ ਪਾਲਿਕਾ ਨੇ ਮੈਰਾਥਨ ਨੂੰ ਸਪਾਂਸਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੈਰਾਥਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਕੀਤੀ ਗਈ। ਇਸ ਵਿਚ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਦੱਸਣਯੋਗ ਹੈ ਕਿ ਸਾਊਦੀ ਅਰਬ ਵਿਚ ਸੁਧਾਰਵਾਦੀ ਮੁਹਿੰਮ ਜਾਰੀ ਹੈ। ਇਸ ਦੌਰਾਨ ਔਰਤਾਂ ਨੂੰ ਉਤਾਸ਼ਾਹਿਤ ਕਰਨ ਲਈ ਨਵੇਂ-ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।
ਮੈਰਾਥਨ ਦੌੜ ਦੌਰਾਨ ਔਰਤਾਂ ਆਪਣੀ ਰਵਾਇਤੀ ਇਸਲਾਮੀ ਪੁਸ਼ਾਕ ਵਿਚ ਨਜ਼ਰ ਆਈਆਂ। ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਸਨ। ਉੱਧਰ ਆਯੋਜਨ ਨਾਲ ਜੁੜੇ ਇਕ ਅਧਿਕਾਰੀ ਮਲਿਕ ਅਲ ਮੂਸਾ ਵੱਲੋਂ ਕਿਹਾ ਗਿਆ ਕਿ ਇਹ ਮੈਰਾਥਨ ਔਰਤਾਂ ਦੀ ਖੇਡਾਂ ਵਿਚ ਦਿਲਚਸਪੀ ਵਧਾਉਣ ਲਈ ਆਯੋਜਿਤ ਕੀਤੀ ਗਈ ਸੀ। ਸੂਤਰਾਂ ਮੁਤਾਬਕ ਅਗਲੇ ਮਹੀਨੇ ਦੇ ਸ਼ੁਰੂਆਤੀ ਹਫਤੇ ਵਿਚ ਇਕ ਹੋਰ ਮਹਿਲਾ ਮੈਰਾਥਨ ਦਾ ਆਯੋਜਨ ਹੋਵੇਗਾ, ਜਿਸ ਦੀ ਮੇਜ਼ਬਾਨੀ ਸਾਊਦੀ ਅਰਬ ਦਾ ਪਵਿੱਤਰ ਸ਼ਹਿਰ ਮੱਕਾ ਕਰੇਗਾ।
ਨਾਈਜੀਰੀਆ 'ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ
NEXT STORY