ਕਿੰਗਸਟਨ : ਕੈਰੇਬੀਆਈ ਦੇਸ਼ ਜਮੈਕਾ ਵਿੱਚ ਮੰਗਲਵਾਰ ਨੂੰ ਭਿਆਨਕ ਤੂਫ਼ਾਨ 'ਮੇਲਿਸਾ' ਟਕਰਾਇਆ। ਇਸਨੂੰ ਬੀਤੇ 174 ਸਾਲਾਂ ਵਿੱਚ ਸਭ ਤੋਂ ਖ਼ਤਰਨਾਕ ਤੂਫ਼ਾਨ ਦੱਸਿਆ ਗਿਆ ਹੈ। ਸੰਯੁਕਤ ਰਾਸ਼ਟਰ (UN) ਨੇ ਵੀ ਇਸ ਤੂਫ਼ਾਨ ਨੂੰ ਸਦੀ ਦਾ ਸਭ ਤੋਂ ਤਾਕਤਵਰ ਤੂਫ਼ਾਨ ਕਰਾਰ ਦਿੱਤਾ ਹੈ। ਇਹ ਕੈਟੇਗਰੀ-5 ਦਾ ਤੂਫ਼ਾਨ ਮੰਗਲਵਾਰ ਰਾਤ ਨੂੰ ਜਮੈਕਾ ਦੇ ਤੱਟ ਨਾਲ ਟਕਰਾਇਆ। ਟਕਰਾਉਣ ਸਮੇਂ ਹਵਾਵਾਂ ਦੀ ਰਫ਼ਤਾਰ ਲਗਭਗ 300 ਕਿਲੋਮੀਟਰ ਪ੍ਰਤੀ ਘੰਟਾ ਸੀ। ਤੂਫ਼ਾਨ ਮੇਲਿਸਾ ਕਾਰਨ ਜਮੈਕਾ ਵਿੱਚ ਭਾਰੀ ਬਾਰਿਸ਼ ਹੋਈ, ਜਿਸ ਨਾਲ ਹੜ੍ਹ ਦੇ ਹਾਲਾਤ ਬਣ ਗਏ। ਤੇਜ਼ ਹਵਾਵਾਂ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਅਤੇ ਕਈ ਮਕਾਨਾਂ ਦੇ ਨਾਲ-ਨਾਲ ਸਕੂਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਜਮੈਕਾ ਤੋਂ ਪਹਿਲਾਂ, ਇਹ ਤੂਫ਼ਾਨ ਹੈਤੀ ਅਤੇ ਡੋਮਿਨਿਕਨ ਰਿਪਬਲਿਕਨ ਵਿੱਚ ਵੀ ਤਬਾਹੀ ਮਚਾ ਚੁੱਕਾ ਹੈ। ਤੂਫ਼ਾਨ ਦੇ ਖ਼ਤਰੇ ਕਾਰਨ ਜਮੈਕਾ ਵਿੱਚ 28,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕੀਤਾ ਗਿਆ ਹੈ। ਹੁਣ ਇਹ ਤੂਫ਼ਾਨ ਕਿਊਬਾ ਵੱਲ ਵਧ ਰਿਹਾ ਹੈ, ਜਿੱਥੇ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਕਿਊਬਾ ਵੱਲ ਵਧਦੇ ਹੋਏ ਇਸ ਤੂਫ਼ਾਨ ਦੀ ਰਫ਼ਤਾਰ ਘੱਟ ਕੇ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਆ ਗਈ ਹੈ, ਜਿਸ ਨਾਲ ਇਹ ਹੁਣ ਕੈਟੇਗਰੀ 4 ਦਾ ਤੂਫ਼ਾਨ ਬਣ ਗਿਆ ਹੈ।
ਮੌਸਮ ਵਿਗਿਆਨੀਆਂ ਅਨੁਸਾਰ, ਤੂਫ਼ਾਨ ਮੇਲਿਸਾ ਜਿਸ ਸਮੁੰਦਰ ਉੱਪਰੋਂ ਲੰਘਿਆ, ਉੱਥੋਂ ਦਾ ਪਾਣੀ ਜਲਵਾਯੂ ਪਰਿਵਰਤਨ ਕਾਰਨ ਲਗਭਗ 1.4 ਡਿਗਰੀ ਸੈਲਸੀਅਸ ਜ਼ਿਆਦਾ ਗਰਮ ਸੀ। ਇਹ ਗਰਮੀ ਮਨੁੱਖਾਂ ਦੁਆਰਾ ਫੈਲਾਏ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਾਰਨ ਸੀ।ਗਰਮ ਸਮੁੰਦਰੀ ਪਾਣੀ ਜ਼ਿਆਦਾ ਨਮੀ ਖਿੱਚਦਾ ਹੈ, ਜਿਸ ਕਾਰਨ ਮੇਲਿਸਾ ਵਰਗੇ ਤੂਫ਼ਾਨਾਂ ਵਿੱਚ ਹੁਣ ਪਹਿਲਾਂ ਨਾਲੋਂ 25 ਤੋਂ 50 ਫੀਸਦ ਜ਼ਿਆਦਾ ਬਾਰਿਸ਼ ਹੋ ਸਕਦੀ ਹੈ।
ਇਸ ਤੂਫ਼ਾਨ ਨੇ ਸ਼ਨੀਵਾਰ ਨੂੰ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਾ ਸ਼ੁਰੂ ਕੀਤਾ ਸੀ ਅਤੇ ਸੋਮਵਾਰ ਰਾਤ ਤੱਕ ਇਸਦੀ ਰਫ਼ਤਾਰ 260 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਸੀ, ਜਿਸ ਨਾਲ ਇਹ 24 ਘੰਟਿਆਂ ਦੇ ਅੰਦਰ ਕੈਟੇਗਰੀ 5 ਦਾ ਤੂਫ਼ਾਨ ਬਣ ਗਿਆ।ਹਰੀਕੇਨ ਮੇਲਿਸਾ 2025 ਦੇ ਅਟਲਾਂਟਿਕ ਤੂਫ਼ਾਨ ਸੀਜ਼ਨ ਦਾ ਪੰਜਵਾਂ ਹਰੀਕੇਨ ਹੈ।
'ਤਾਲਿਬਾਨ ਨੂੰ ਮੁੜ ਗੁਫਾਵਾਂ 'ਚ ਧੱਕਾਂਗੇ ਵਾਪਸ', ਪਾਕਿਸਤਾਨੀ ਰੱਖਿਆ ਮੰਤਰੀ ਦੀ ਅਫਗਾਨਿਸਤਾਨ ਨੂੰ ਧਮਕੀ
NEXT STORY