ਵਾਸ਼ਿੰਗਟਨ- ਯੂ. ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕਾ ਬਣਾਇਆ ਜਾ ਰਿਹਾ ਹੈ ਤੇ ਜੇਕਰ ਉਹ ਸਫਲ ਹੁੰਦੇ ਹਨ ਤਾਂ ਆਮ ਜਨਤਾ ਨੂੰ ਇਹ ਟੀਕਾ ਮੁਫਤ ਉਪਲਬਧ ਕਰਵਾਇਆ ਜਾਵੇਗਾ। ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਖੇ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, "ਅਸੀਂ ਕੋਵਿਡ -19 ਟੀਕਾ ਆਮ ਲੋਕਾਂ ਨੂੰ ਮੁਫਤ ਦਿੱਤੇ ਜਾਣ 'ਤੇ ਵਿਚਾਰ ਕਰ ਰਹੇ ਹਾਂ। ਕੋਵਿਡ -19 ਦਾ ਟੀਕਾ ਇਸ ਸਾਲ ਦੇ ਅੰਤ ਤੱਕ ਵਿਕਸਤ ਕੀਤਾ ਜਾ ਸਕਦਾ ਹੈ।" ਅਮਰੀਕੀ ਰਾਸ਼ਟਰਪਤੀ ਨੇ ਕੋਵਿਡ -19 ਦੇ ਟੀਕੇ ਨੂੰ ਵਿਕਸਤ ਕਰਨ ਲਈ 'ਆਪ੍ਰੇਸ਼ਨ ਵਾਰਪ ਸਪੀਡ' ਨਾਮ ਦੀ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
‘ਆਪ੍ਰੇਸ਼ਨ ਵਾਰਪ ਸਪੀਡ’ ਨੂੰ ਇਸ ਸਾਲ ਦੇ ਅੰਤ ਤੱਕ ਕੋਵਿਡ -19 ਲਈ ਕਾਰਗਰ ਅਤੇ ਪ੍ਰਭਾਵਸ਼ਾਲੀ ਟੀਕਾ ਵਿਕਸਤ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾਂ ਜੋ ਜਨਵਰੀ 2021 ਤੱਕ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਮੁਹਿੰਮ ਵਿਚ ਸਾਬਕਾ ਫਾਰਮਾਸਿਊਟੀਕਲ ਐਗਜ਼ੀਕਿਊਟਿਵ ਮੋਨਸੇਫ ਸਲੋਈ ਅਗਵਾਈ ਕਰਨਗੇ। ਅਮਰੀਕੀ ਫੌਜ ਦੀ ਮੈਟੀਰੀਅਲ ਕਮਾਂਡ ਦੇ ਕਮਾਂਡਰ ਜਨਰਲ ਗੁਸਤਾਵ ਪੇਰਨ ਅਹਿਮ ਭੂਮਿਕਾ ਨਿਭਾਉਣਗੇ ।
ਟਰੰਪ ਨੇ ਕਿਹਾ ਕਿ ਸਰਕਾਰ ਕੋਵਿਡ -19 ਲਈ ਟੀਕੇ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਲਗਭਗ 100 ਟੀਮਾਂ ਦੇ ਕੰਮਾਂ ਦਾ ਮੁਲਾਂਕਣ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 14 ਨੂੰ ਚੰਗੇ ਨਤੀਜੇ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਾਲ ਦੇ ਅੰਤ ਤੱਕ ਕੋਵਿਡ -19 ਟੀਕਾ ਵਿਕਸਤ ਕਰਨ ਦੀ ਉਮੀਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 87 ਹਜ਼ਾਰ ਤੋਂ ਪਾਰ ਹੋ ਕੇ 87,530 ਹੋ ਗਈ ਹੈ, ਜਦੋਂ ਕਿ ਇਨਫੈਕਟਡ ਲੋਕਾਂ ਦੀ ਗਿਣਤੀ 14 ਲੱਖ ਤੋਂ ਪਾਰ ਹੋ ਕੇ 14,42,824 ਹੋ ਗਈ ਹੈ। ਸਿਰਫ ਨਿਊਯਾਰਕ ਵਿਚ ਹੀ ਕੋਰੋਨਾ ਦੇ 3 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 27,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜਰਸੀ ਵਿੱਚ ਹੁਣ ਤੱਕ ਕੋਰੋਨਾ ਦੇ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਸ ਮਹਾਂਮਾਰੀ ਨਾਲ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਰੂਸ, ਬ੍ਰਿਟੇਨ, ਸਪੇਨ, ਇਟਲੀ ਅਤੇ ਬ੍ਰਾਜ਼ੀਲ ਅਜਿਹੇ ਦੇਸ਼ ਹਨ, ਜਿੱਥੇ ਕੋਰੋਨਾ ਨਾਲ ਇਨਫੈਕਟਡ ਹੋਣ ਵਾਲਿਆਂ ਦੀ ਸੰਖਿਆ ਦੋ ਲੱਖ ਤੋਂ ਵੱਧ ਹੈ।
ਅਮਰੀਕਾ : 24 ਘੰਟੇ ਦੌਰਾਨ 1680 ਮੌਤਾਂ, ਭਾਰਤ ਨੂੰ ਦੇਵੇਗਾ ਵੈਂਟੀਲੇਟਰ
NEXT STORY