ਵਰਜੀਨੀਆ : ਅਮਰੀਕਾ ਦੇ ਪੱਛਮੀ ਵਰਜੀਨੀਆ ਸੂਬੇ ਦੇ ਇੰਸਟੀਚਿਊਟ ਸ਼ਹਿਰ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਹੋਈ ਗੈਸ ਲੀਕ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ 'ਕੈਟਾਲਿਸਟ ਰਿਫਾਈਨਰਜ਼' ਨਾਮਕ ਚਾਂਦੀ ਦੀ ਰਿਕਵਰੀ ਕਰਨ ਵਾਲੇ ਪਲਾਂਟ ਵਿੱਚ ਵਾਪਰਿਆ।
ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਪਲਾਂਟ ਦੇ ਇੱਕ ਹਿੱਸੇ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ । ਨਾਈਟ੍ਰਿਕ ਐਸਿਡ (Nitric acid) ਅਤੇ ਇੱਕ ਹੋਰ ਪਦਾਰਥ ਦੇ ਵਿਚਕਾਰ ਇੱਕ ਬਹੁਤ ਹੀ ਤੇਜ਼ ਕੈਮੀਕਲ ਪ੍ਰਤੀਕਿਰਿਆ ਹੋਈ, ਜਿਸ ਨੇ ਤੁਰੰਤ ਇੱਕ ਭਿਆਨਕ ਰੂਪ ਲੈ ਲਿਆ । ਐਮਰਜੈਂਸੀ ਪ੍ਰਬੰਧਨ ਨਿਰਦੇਸ਼ਕ ਸੀ.ਡਬਲਯੂ. ਸਿਗਮਨ ਨੇ ਦੱਸਿਆ ਕਿ ਕੈਮੀਕਲ ਪ੍ਰਤੀਕਿਰਿਆ ਸ਼ੁਰੂ ਕਰਨ ਜਾਂ ਖਤਮ ਕਰਨ ਦੇ ਸਮੇਂ ਸਭ ਤੋਂ ਖ਼ਤਰਨਾਕ ਹੁੰਦੇ ਹਨ ।
ਜ਼ਖਮੀਆਂ ਵਿੱਚ ਸੱਤ ਐਂਬੂਲੈਂਸ ਕਰਮਚਾਰੀ ਵੀ ਸ਼ਾਮਲ ਹਨ, ਜੋ ਮੌਕੇ 'ਤੇ ਰਾਹਤ ਕਾਰਜਾਂ ਲਈ ਪਹੁੰਚੇ ਸਨ । ਜ਼ਖਮੀਆਂ ਨੂੰ ਨਿੱਜੀ ਕਾਰਾਂ ਅਤੇ ਇੱਥੋਂ ਤੱਕ ਕਿ ਇੱਕ ਕੂੜਾ ਚੁੱਕਣ ਵਾਲੇ ਟਰੱਕ ਰਾਹੀਂ ਵੀ ਹਸਪਤਾਲ ਪਹੁੰਚਾਇਆ ਗਿਆ । ਹਸਪਤਾਲ ਪਹੁੰਚੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ਼, ਖੰਘ, ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸ਼ਿਕਾਇਤਾਂ ਸਨ । ਇੱਕ ਵਿਅਕਤੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ।
ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲਗਭਗ ਪੰਜ ਘੰਟਿਆਂ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਸਨ । ਪ੍ਰਭਾਵਿਤ ਲੋਕਾਂ ਦੇ ਸ਼ੁੱਧੀਕਰਨ ਲਈ ਇੱਕ ਵੱਡੇ ਪੱਧਰ ਦੀ ਮੁਹਿੰਮ ਚਲਾਈ ਗਈ, ਜਿਸ ਵਿੱਚ ਲੋਕਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ।
ਪਲਾਂਟ ਦੀ ਮਾਲਕ ਕੰਪਨੀ 'ਏਮਜ਼ ਗੋਲਡਸਮਿਥ ਕਾਰਪੋਰੇਸ਼ਨ' ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਨ ਅਤੇ ਜਾਂਚ ਵਿੱਚ ਸਥਾਨਕ ਅਤੇ ਸੰਘੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ । ਅਧਿਕਾਰੀਆਂ ਅਨੁਸਾਰ ਇਹ ਪਲਾਂਟ ਸੂਬੇ ਦੀ ਰਾਜਧਾਨੀ ਚਾਰਲਸਟਨ ਤੋਂ ਲਗਭਗ 16 ਕਿਲੋਮੀਟਰ ਦੂਰ ਸਥਿਤ ਹੈ ।
ਸਕੂਲਾਂ 'ਚ ਸਮਾਰਟਫੋਨ ਮੁਕੰਮਲ ਬੈਨ! ਨਵਾਂ ਕਾਨੂੰਨ ਬਣਾਉਣ ਦੀ ਤਿਆਰੀ 'ਚ UK
NEXT STORY